Home ਪੰਜਾਬ ਅਕਾਲੀ ਦਲ ਨੇ ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਐਲਾਨਿਆ ਉਮੀਦਵਾਰ

ਅਕਾਲੀ ਦਲ ਨੇ ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਐਲਾਨਿਆ ਉਮੀਦਵਾਰ

0
ਅਕਾਲੀ ਦਲ ਨੇ ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਐਲਾਨਿਆ ਉਮੀਦਵਾਰ

ਬਾਦਲ ਪਰਵਾਰ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਿਆਸੀ ਹਾਸ਼ੀਏ ‘ਤੇ
ਖੇਮਕਰਨ, 15 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਬਾਦਲ ਪਰਵਾਰ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅੱਜ ਉਸ ਵੇਲੇ ਸਿਆਸੀ ਹਾਸ਼ੀਏ ‘ਤੇ ਖੜ੍ਹੇ ਨਜ਼ਰ ਆਏ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਮਕਰਨ ਵਿਧਾਨ ਸਭਾ ਹਲਕੇ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਆਪਣਾ ਉਮੀਦਵਾਰ ਐਲਾਨ ਦਿਤਾ। ਖੇਮਕਰਨ ਵਿਖੇ ਅਕਾਲੀ ਦਲ ਦੀ ਰੈਲੀ ਵਿਚੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਗ਼ੈਰਹਾਜ਼ਰੀ ਵੀ ਕਈ ਸਵਾਲ ਪੈਦਾ ਕਰ ਗਈ। ਚੇਤੇ ਰਹੇ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਖੇਮਕਰਨ ਵਿਧਾਨ ਸਭਾ ਹਲਕੇ ‘ਚ ਚੋਣ ਸਰਗਰਮੀਆਂ ਸ਼ੁਰੂ ਕਰਨ ਅਤੇ ਇਹ ਕਹਿਣ ਕਿ ਉਨ੍ਹਾਂ ਦੇ ਪਰਵਾਰ ਦਾ ਇਕ ਮੈਂਬਰ ਇਸ ਸੀਟ ਤੋਂ ਚੋਣ ਲੜੇਗਾ, ਤੋਂ ਬਾਅਦ ਅਕਾਲੀ ਦਲ ਦੀ ਅੰਦਰੂਨੀ ਸਿਆਸਤੀ ਭਖ ਗਈ ਸੀ। ਵਿਰਸਾ ਸਿੰਘ ਵਲਟੋਹਾ ਨੇ ਤਾਂ ਇਥੋਂ ਤੱਕ ਆਖ ਦਿਤਾ ਸੀ ਕਿ ਜੇ ਕੈਰੋਂ ਪਰਵਾਰ ਕਾਂਗਰਸ ਵਿਚ ਜਾਣਾ ਚਾਹੁੰਦਾ ਹੈ ਤਾਂ ਬੇਸ਼ੱਕ ਚਲਾ ਜਾਵੇ ਪਰ ਖੇਮਕਰਨ ਵਿਧਾਨ ਸਭਾ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਉਹ ਖੁਦ ਹੀ ਹੋਣਗੇ। ਹੁਣ ਸੁਖਬੀਰ ਸਿੰਘ ਬਾਦਲ ਦੇ ਐਲਾਨ ਤੋਂ ਬਾਅਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਰਣਨੀਤੀ ਕੀ ਹੋਵੇਗੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਇਥੇ ਦਸਣਾ ਬਣਦਾ ਹੈ ਕਿ ਵਿਰਸਾ ਸਿੰਘ ਵਲਟੋਹਾ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਪਹਿਲਾਂ ਹੀ ਨਹੀਂ ਬਣਦੀ ਅਤੇ ਹੁਣ ਵਲਟੋਹਾ ਦੀ ਉਮੀਦਵਾਰੀ ਦਾ ਐਲਾਨ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕਰੇਗਾ। ਵਿਰਸਾ ਸਿੰਘ ਵਲਟੋਹਾ ਨੇ ਦੋਸ਼ ਲਾ ਚੁੱਕੇ ਹਨ ਕਿ ਕੈਰੋਂ ਪਰਵਾਰ ਦੀ ਨੀਅਤ ਸਾਫ਼ ਨਾ ਹੋਣ ਕਰ ਕੇ ਹੀ ਤਰਨਤਾਰਨ ਜ਼ਿਲ੍ਹੇ ਵਿਚ ਇਸ ਪਰਵਾਰ ਨਾਲ ਕੋਈ ਅਕਾਲੀ ਵਰਕਰ ਖੜ੍ਹਨ ਨੂੰ ਤਿਆਰ ਨਹੀਂ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਵੀ ਕੈਰੋਂ ਪਰਵਾਰ ਵਿਰੁੱਧ ਗੁੱਸੇ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਪਰਵਾਰ ਨੇ ਹਮੇਸ਼ਾ ਅਕਾਲੀ ਦਲ ਨਾਲ ਜ਼ਿਆਦਤੀਆਂ ਕੀਤੀਆਂ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਸਲ ਵਿਚ ਅਕਾਲੀ ਦਲ ਨੂੰ ਨਫ਼ਰਤ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇ ਪਾਰਟੀ ਹਾਈ ਕਮਾਲ ਦੀ ਇਜਾਜ਼ਤ ਮਿਲੀ ਤਾਂ ਵਲਟੋਹਾ ਪਰਵਾਰ ਦਾ ਇਕ ਮੈਂਬਰ ਪੱਟੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੇਗਾ।