Home ਤਾਜ਼ਾ ਖਬਰਾਂ ਅਦਾਕਾਰਾ ਕੈਟਰੀਨਾ ਕੈਫ਼ ਨੂੰ ਹੋਇਆ ਕੋਰੋਨਾ, ਖੁਦ ਨੂੰ ਕੀਤਾ ਕੁਆਰੰਟੀਨ

ਅਦਾਕਾਰਾ ਕੈਟਰੀਨਾ ਕੈਫ਼ ਨੂੰ ਹੋਇਆ ਕੋਰੋਨਾ, ਖੁਦ ਨੂੰ ਕੀਤਾ ਕੁਆਰੰਟੀਨ

0
ਅਦਾਕਾਰਾ ਕੈਟਰੀਨਾ ਕੈਫ਼ ਨੂੰ ਹੋਇਆ ਕੋਰੋਨਾ, ਖੁਦ ਨੂੰ ਕੀਤਾ ਕੁਆਰੰਟੀਨ

ਮੁੰਬਈ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ਼ ਨੂੰ ਕੋਰੋਨਾ ਹੋ ਗਿਆ ਹੈ। ਉਨ੍ਹਾਂ ਨੇ ਇਹ ਜਾਣਕਾਰੀ ਇੰਸਟਾਗ੍ਰਾਮ ਰਾਹੀਂ ਦਿੱਤੀ। ਕੈਟਰੀਨਾ ਨੇ ਆਪਣੀ ਪੋਸਟ ‘ਚ ਲਿਖਿਆ, “ਮੇਰੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਮੈਂ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ ਅਤੇ ਹੋਮ ਕੁਆਰੰਟੀਨ ‘ਚ ਹਾਂ। ਮੈਂ ਡਾਕਟਰਾਂ ਦੀ ਸਲਾਹ ਨਾਲ ਸਾਰੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰ ਰਹੀ ਹਾਂ। ਮੇਰੇ ਸੰਪਰਕ ‘ਚ ਆਏ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਉਹ ਤੁਰੰਤ ਆਪਣਾ ਟੈਸਟ ਕਰਵਾਉਣ। ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦ। ਸੁਰੱਖਿਅਤ ਰਹੋ ਅਤੇ ਆਪਣਾ ਧਿਆਨ ਰੱਖੋ।”

ਕੈਟਰੀਨਾ ਕੈਫ਼ ਤੋਂ ਪਹਿਲਾਂ ਸੀਮਾ ਪਾਹਵਾ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਸੀਮਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਸੀ। ਦੂਜੇ ਪਾਸੇ ਅਕਸ਼ੇ ਕੁਮਾਰ ਦੇ ਪਾਜ਼ੀਟਿਵ ਹੋਣ ਤੋਂ ਬਾਅਦ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਰਾਮ ਸੇਤੂ’ ਦੀ ਸਹਿ-ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਅਤੇ ਨੁਸਰਤ ਭਰੂਚਾ ਨੇ ਵੀ ਆਪਣਾ ਕੋਵਿਡ ਟੈਸਟ ਕਰਵਾਇਆ ਹੈ। ਸਾਵਧਾਨੀ ਵਜੋਂ ਦੋਵਾਂ ਨੇ ਖੁਦ ਨੂੰ ਆਈਸੋਲੇਟ ਵੀ ਕਰ ਲਿਆ ਹੈ। ਅਕਸ਼ੇ ਤੋਂ ਇਲਾਵਾ ਫ਼ਿਲਮ ਦੇ 45 ਜੂਨੀਅਰ ਕਲਾਕਾਰ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।
ਸੀਮਾ ਪਾਹਵਾ ਨੇ ਆਪਣੀ ਇਕ ਫ਼ੋਟੋ ਸਾਂਝੀ ਕੀਤੀ ਅਤੇ ਕੈਪਸ਼ਨ ‘ਚ ਲਿਖਿਆ, “ਮੈਂ ਹਰ ਚੀਜ਼ ਪ੍ਰਤੀ ਪਾਜ਼ੀਟਿਵ ਹਾਂ। ਰਿਪੋਰਟ ਵੀ ਪਾਜ਼ੀਟਿਵ ਆਈ। ਮੈਂ ਕੋਵਿਡ ਪਾਜ਼ੀਟਿਵ ਹਾਂ ਅਤੇ 14 ਦਿਨਾਂ ਲਈ ਹੋਮ ਕੁਆਰੰਟੀਨ ਰਹਾਂਗੀ। ਧਿਆਨ ਰੱਖੋ।”

ਦੱਸ ਦੇਈਏ ਕਿ ਸੀਮਾ ਪਾਹਵਾ ਇਸ ਸਮੇਂ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਗੰਗੂਬਾਈ ਕਾਠਿਆਵੜੀ’ ‘ਚ ਆਲੀਆ ਭੱਟ ਦੇ ਨਾਲ ਕੰਮ ਕਰ ਰਹੀ ਹੈ, ਜੋ ਹਾਲ ਹੀ ‘ਚ ਖੁਦ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਦੱਸ ਦੇਈਏ ਕਿ ਕੋਰੋਨਾ ਮਾਮਲਿਆਂ ‘ਤੇ ਤੇਜ਼ੀ ਤੋਂ ਬਾਅਦ ‘ਰਾਮ ਸੇਤੂ’ ਅਤੇ ‘ਗੰਗੂਬਾਈ ਕਠਿਆਵੜੀ’ ਦੀ ਸ਼ੂਟਿੰਗ ਕੁਝ ਦਿਨਾਂ ਲਈ ਰੋਕ ਦਿੱਤੀ ਗਈ ਹੈ। ਹਾਲਾਤ ਠੀਕ ਹੋਣ ਤੋਂ ਬਾਅਦ ਕੰਮ ਦੁਬਾਰਾ ਸ਼ੁਰੂ ਹੋਵੇਗਾ।

ਇਹ ਕਲਾਕਾਰ ਵੀ ਕੋਰੋਨਾ ਦੀ ਲਪੇਟ ‘ਚ ਆਏ
ਸੀਮਾ ਪਾਹਵਾ ਤੋਂ ਇਲਾਵਾ ਭੂਮੀ ਪੇਡਨੇਕਰ, ਵਿੱਕੀ ਕੌਸ਼ਲ, ਗੋਵਿੰਦਾ, ਏਜਾਜ਼ ਖਾਨ, ਬੱਪੀ ਲਹਿਰੀ, ਫ਼ਾਤਿਮਾ ਸਨਾ ਸ਼ੇਖ, ਅਭਿਜੀਤ ਸਾਵੰਤ, ਆਮਿਰ ਖਾਨ, ਆਰ. ਮਧਵਨ, ਕਾਰਤਿਕ ਆਰੀਅਨ, ਪਰੇਸ਼ ਰਾਵਲ, ਰਣਬੀਰ ਕਪੂਰ, ਅਦਿੱਤਿਆ ਨਰਾਇਣ, ਮਿਲਿੰਦ ਸੋਮਨ, ਸਤੀਸ਼ ਕੌਸ਼ਿਕ, ਸੰਜੇ ਲੀਲਾ ਭੰਸਾਲੀ ਸਮੇਤ ਕਈ ਮਸ਼ਹੂਰ ਸ਼ਖ਼ਸੀਅਤਾਂ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਚੁੱਕੀਆਂ ਹਨ।

ਟੀਵੀ ਇੰਡਸਟਰੀ ‘ਚ ਵੀ ਕੋਰੋਨਾ ਦੀ ਦਹਿਸ਼ਤ
ਸਿਰਫ਼ ਫਿਲਮ ਇੰਡਸਟਰੀ ਹੀ ਨਹੀਂ, ਟੀਵੀ ਇੰਡਸਟਰੀ ‘ਚ ਵੀ ਪਿਛਲੇ ਕੁੱਝ ਦਿਨਾਂ ‘ਚ ਬਹੁਤ ਸਾਰੇ ਮਸ਼ਹੂਰ ਲੋਕਾਂ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ‘ਭਾਬੀ ਜੀ ਘਰ ਪਰ ਹੈਂ’ ਫੇਮ ਸ਼ੁਭਾਂਗੀ ਅਤਰੇ, ‘ਗੁੱਡਨ ਤੁਮਸੇ ਨਾ ਹੋ ਪਾਏਗਾ’ ਫੇਮ ਕਨਿਕਾ ਮਾਨ, ਨਾਰਾਇਣੀ ਸ਼ਾਸਤਰੀ ਅਤੇ ‘ਯੇ ਹੈਂ ਚਾਹਤੇਂ’ ਫੇਮ ਅਬਰਾਰ ਕਾਜ਼ੀ, ‘ਕੁਰਬਾਨ ਹੁਆ’ ਸੀਰੀਜ਼ ਦੇ ਲੀਡ ਅਦਾਕਾਰ ਰਾਜਵੀਰ ਸਿੰਘ ਅਤੇ ਪ੍ਰੋਡਿਊਸਰ ਰਾਜਨ ਸ਼ਾਹੀ ਵੀ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਇਸ ਤੋਂ ਪਹਿਲਾਂ ਰੁਪਾਲੀ ਗਾਂਗੁਲੀ ਦੀ ਅਨੁਪਮਾ ਦੀ ਟੈਸਟ ਰਿਪੋਰਟ ਵੀ ਪਾਜ਼ੀਟਿਵ ਆਈ ਸੀ। ਫਿਲਹਾਲ ਇਹ ਸਾਰੇ ਅਦਾਕਾਰ ਹੋਮ ਕੁਆਰੰਟੀਨ ਹਨ।