ਜੈਪੁਰ, 30 ਮਾਰਚ (ਹਮਦਰਦ ਨਿਊਜ਼ ਸਰਵਿਸ) : ਜੈਪੁਰ ਦੀ ਜ਼ਿਲ੍ਹਾ ਅਦਾਲਤ ਨੇ ਮੰਗਲਵਾਰ ਨੂੰ ਸਿਮੀ ਦੇ 13 ਮੈਂਬਰਾਂ ਵਿੱਚੋਂ 12 ਨੂੰ ਅੱਤਵਾਦੀ ਘੋਸ਼ਿਤ ਕਰਦਿਆਂ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਕ ਮੁਲਜ਼ਮ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਹ ਸਾਰੇ ਇੰਜੀਨੀਅਰਿੰਗ ਦੇ ਵਿਦਿਆਰਥੀ ਸਨ ਅਤੇ ਉਨ੍ਹਾਂ ਉੱਤੇ ਅੱਤਵਾਦੀ ਸੰਗਠਨ ਇੰਡੀਅਨ ਮੁਜ਼ਾਹਿਦੀਨ ਲਈ ਕੰਮ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਨ੍ਹਾਂ ਨੂੰ 2014 ‘ਚ ਏਟੀਐਸ ਅਤੇ ਐਸਓਜੀ ਨੇ ਗ੍ਰਿਫ਼ਤਾਰ ਕੀਤਾ ਸੀ। ਅੱਤਵਾਦੀ ਕਰਾਰ ਦਿੱਤੇ ਗਏ ਵਿਦਿਆਰਥੀਆਂ ‘ਚ 6 ਸੀਕਰ ਦੇ, 3 ਜੋਧਪੁਰ ਦੇ, 1-1 ਜੈਪੁਰ ਤੇ ਪਾਲੀ ਤੋਂ ਅਤੇ 1 ਬਿਹਾਰ ਦੇ ਗਯਾ ਤੋਂ ਹੈ। ਰਿਹਾਅ ਹੋਇਆ ਵਿਦਿਆਰਥੀ ਜੋਧਪੁਰ ਦਾ ਵਸਨੀਕ ਹੈ।
ਰਾਜਸਥਾਨ ‘ਚ ਸਿਮੀ ਦੇ ਸਲੀਪਰ ਸੈੱਲ ਨਾਲ ਜੁੜਿਆ ਇਹ ਕੇਸ 7 ਸਾਲ ਪੁਰਾਣਾ ਹੈ। ਰਾਜਸਥਾਨ ‘ਚ ਏਟੀਐਸ ਅਤੇ ਐਸਓਜੀ ਟੀਮਾਂ ਨੇ ਸਾਲ 2014 ‘ਚ ਜੈਪੁਰ, ਸੀਕਰ ਅਤੇ ਕੁਝ ਹੋਰ ਜ਼ਿਲ੍ਹਿਆਂ ਤੋਂ 13 ਸ਼ੱਕੀ ਨੌਜਵਾਨਾਂ ਨੂੰ ਦਿੱਲੀ ‘ਚ ਗ੍ਰਿਫ਼ਤਾਰ ਕੀਤੇ ਅੱਤਵਾਦੀਆਂ ਤੋਂ ਇਨਪੁਟ ਦੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ‘ਤੇ ਦੋਸ਼ ਲਾਇਆ ਗਿਆ ਸੀ ਕਿ ਇਹ ਪਾਬੰਦੀਸ਼ੁਦਾ ਸੰਗਠਨ ਸਿਮੀ ਨਾਲ ਜੁੜੇ ਹੋਏ ਹਨ ਅਤੇ ਰਾਜਸਥਾਨ ‘ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਬੰਬ ਬਣਾਉਣ ਵਰਗੀਆਂ ਗਤੀਵਿਧੀਆਂ ‘ਚ ਲੱਗੇ ਹੋਏ ਹਨ।
ਏਟੀਐਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਸਿਮੀ ਦੇ ਸਲੀਪਰ ਸੈੱਲ ਨੂੰ ਐਕਟਿਵ ਕਰਨ ਲਈ ਜੈਪੁਰ ਤੋਂ ਗ੍ਰਿਫ਼ਤਾਰ ਕੀਤੇ ਗਏ ਮਾਰੂਫ ਦੇ ਰਿਸ਼ਤੇਦਾਰ ਉਮਰ ਨੇ ਇੰਟਰਨੈੱਟ ਰਾਹੀਂ ਸੰਪਰਕ ਕਰਕੇ ਇਨ੍ਹਾਂ ਨੌਜਵਾਨਾਂ ਨੂੰ ਸੰਗਠਨ ਨਾਲ ਜੋੜਿਆ ਸੀ। ਇਸ ਤੋਂ ਬਾਅਦ ਇਹ ਨੌਜਵਾਨ ਐਕਟਿਵ ਹੋ ਕੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਸਨ। ਏਟੀਐਸ ਅਤੇ ਐਸਓਜੀ ਨੇ ਸਲੀਪਰ ਸੈੱਲ ਨਾਲ ਜੁੜੇ ਇਨ੍ਹਾਂ 13 ਨੌਜਵਾਨਾਂ ਨੂੰ ਕਿਸੇ ਸਾਜਿਸ਼ ਰਚਣ ਤੋਂ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਸੀ। ਇਸ ਕੇਸ ‘ਚ ਪਿਛਲੇ 7 ਸਾਲਾਂ ਤੋਂ ਅਦਾਲਤ ‘ਚ ਮੁਕੱਦਮਾ ਚੱਲ ਰਿਹਾ ਸੀ। ਇਸ ਕੇਸ ‘ਚ ਇਸਤਗਾਸਾ ਪੱਖ ਨੇ 178 ਗਵਾਹ ਅਤੇ 506 ਦਸਤਾਵੇਜ਼ ਪੇਸ਼ ਕੀਤੇ ਸਨ।
ਇਹ ਅੱਤਵਾਦੀ ਝੂਠੇ ਦਸਤਾਵੇਜ਼ਾਂ ਤੋਂ ਸਿਮ ਖਰੀਦਣ, ਜੇਹਾਦ ਦੇ ਨਾਮ ‘ਤੇ ਫੰਡ ਇਕੱਠਾ ਕਰਨਾ, ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਬੰਬ ਧਮਾਕਿਆਂ ਲਈ ਰੇਕੀ ਕਰਨ ਵਰਗੇ ਮਾਮਲਿਆਂ ‘ਚ ਦੋਸ਼ੀ ਪਾਏ ਗਏ ਹਨ। ਏਟੀਐਸ ਨੇ ਇਨ੍ਹਾਂ ਕੋਲੋਂ ਲੈਪਟਾਪ, ਫੋਨ, ਪੈੱਨ ਡਰਾਈਵ, ਕਿਤਾਬਾਂ, ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਸਮਾਨ ਬਰਾਮਦ ਕੀਤਾ ਹੈ। ਦਿੱਲੀ ਏਟੀਐਸ ਦੀ ਜਾਣਕਾਰੀ ‘ਤੇ ਰਾਜਸਥਾਨ ਏਟੀਐਸ ਨੇ 28 ਮਾਰਚ 2014 ਨੂੰ ਇਸ ਮਾਮਲੇ ‘ਚ ਐਫਆਈਆਰ ਦਰਜ ਕੀਤੀ ਸੀ।

