Home ਨਜ਼ਰੀਆ ਅਨਿਲ ਦੇਸ਼ਮੁਖ ਦੇ ਬਚਾਅ ‘ਚ ਉਤਰੇ ਸ਼ਰਦ ਪਵਾਰ, ਬੇਕਸੂਰ ਦੱਸਿਆ

ਅਨਿਲ ਦੇਸ਼ਮੁਖ ਦੇ ਬਚਾਅ ‘ਚ ਉਤਰੇ ਸ਼ਰਦ ਪਵਾਰ, ਬੇਕਸੂਰ ਦੱਸਿਆ

0
ਅਨਿਲ ਦੇਸ਼ਮੁਖ ਦੇ ਬਚਾਅ ‘ਚ ਉਤਰੇ ਸ਼ਰਦ ਪਵਾਰ, ਬੇਕਸੂਰ ਦੱਸਿਆ

ਮੁੰਬਈ, 22 ਮਾਰਚ (ਹਮਦਰਦ ਨਿਊਜ਼ ਸਰਵਿਸ) : ਮਹਾਰਾਸ਼ਟਰ ‘ਚ ਪੁਲਿਸ ਅਧਿਕਾਰੀ ਪਰਮਬੀਰ ਸਿੰਘ ਦੀ ਚਿੱਠੀ ਤੋਂ ਬਾਅਦ ਸਿਆਸੀ ਭੂਚਾਲ ਆ ਗਿਆ ਹੈ। ਇਸ ਮੁੱਦੇ ਨੂੰ ਲੈ ਕੇ ਸੋਮਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ‘ਚ ਕਾਫੀ ਹੰਗਾਮਾ ਹੋਇਆ। ਇਸ ਦੌਰਾਨ ਨੈਸ਼ਨਲਿਸ਼ਟ ਕਾਂਗਰਸ ਪਾਰਟੀ (ਐਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਅਨਿਲ ਦੇਸ਼ਮੁਖ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ਮੁਖ ਨੂੰ ਫ਼ਰਵਰੀ ਮਹੀਨੇ ‘ਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅਜਿਹੇ ‘ਚ ਫ਼ਰਵਰੀ ਵਿੱਚ ਦੇਸ਼ਮੁਖ ਅਤੇ ਸਚਿਨ ਵਾਜੇ ਵਿਚਕਾਰ ਹੋਈ ਗੱਲਬਾਤ ਦਾ ਦੋਸ਼ ਝੂਠਾ ਹੈ।
ਪਵਾਰ ਨੇ ਇਸ ਦੌਰਾਨ ਦੇਸ਼ਮੁਖ ਦੇ ਹਸਪਤਾਲ ‘ਚ ਦਾਖਲ ਹੋਣ ਦਾ ਫ਼ਾਰਮ ਵੀ ਵਿਖਾਇਆ। ਉਨ੍ਹਾਂ ਕਿਹਾ ਕਿ ਉਹ ਕੋਰੋਨਾ ਕਾਰਨ 5 ਤੋਂ 15 ਫ਼ਰਵਰੀ ਤਕ ਨਾਗਪੁਰ ਦੇ ਹਸਪਤਾਲ ‘ਚ ਦਾਖਲ ਸਨ। ਫਿਰ ਉਹ 16 ਫ਼ਰਵਰੀ ਤੋਂ 27 ਫ਼ਰਵਰੀ ਤਕ ਘਰ ‘ਚ ਆਈਸੋਲੇਟ ਸਨ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਹ ਦੋਸ਼ ਝੂਠੇ ਹਨ। ਇਸ ਲਈ ਅਨਿਲ ਦੇਸ਼ਮੁਖ ਦੇ ਅਸਤੀਫ਼ੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰਮਬੀਰ ਸਿੰਘ ਦੇ ਦੋਸ਼ਾਂ ਦਾ ਮਹਾਰਾਸ਼ਟਰ ਸਰਕਾਰ ‘ਤੇ ਕੋਈ ਅਸਰ ਨਹੀਂ ਪਵੇਗਾ।
ਪਵਾਰ ਨੇ ਕਿਹਾ ਕਿ ਇਹ ਦੋਸ਼ ਜਿਸ ਸਮੇਂ ਬਾਰੇ ਸੀ, ਉਸ ਸਮੇਂ ਦੀ ਸਥਿਤੀ ਕੀ ਸੀ, ਇਹ ਸਪੱਸ਼ਟ ਹੋ ਗਿਆ ਹੈ। ਇਹ ਇਕ ਗੰਭੀਰ ਚੀਜ਼ ਹੈ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਦਾ ਕੰਮ ਹੈ ਕਿ ਉਹ ਇਸ ‘ਤੇ ਕਾਰਵਾਈ ਕਰਨਾ ਚਾਹੁੰਦੇ ਹਨ ਤਾਂ ਕਰਨ ਜਾਂ ਜਾਂਚ ਕਰਨਾ ਚਾਹੁੰਦੇ ਹਨ ਤਾਂ ਕਰਨ। ਇਹ ਮੇਰਾ ਕੰਮ ਨਹੀਂ ਹੈ। ਜਿਸ ਸਮੇਂ ਦਾ ਇਹ ਦੋਸ਼ ਹੈ, ਉਸ ਸਮੇਂ ਅਨਿਲ ਦੇਸ਼ਮੁਖ ਹਸਪਤਾਲ ‘ਚ ਸਨ। ਅਜਿਹੇ ‘ਚ ਇਹ ਸਪੱਸ਼ਟ ਹੈ ਕਿ ਇਨ੍ਹਾਂ ਦੋਸ਼ਾਂ ‘ਚ ਕੋਈ ਦਮ ਨਹੀਂ ਹੈ।
ਉਨ੍ਹਾਂ ਕਿਹਾ ਕਿ ਚਿੱਠੀ ‘ਚ ਜਾਂਚ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਐਤਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਸੀ। ਦੇਸ਼ਮੁੱਖ ‘ਤੇ ਜਾਂਚ ਦਾ ਫ਼ੈਸਲਾ ਉਹੀ ਕਰਨਗੇ। ਪਵਾਰ ਨੇ ਸਪੱਸ਼ਟ ਕਰ ਦਿੱਤਾ ਕਿ ਇਸ ਨਾਲ ਸੂਬਾ ਸਰਕਾਰ ਨੂੰ ਕੋਈ ਫ਼ਰਕ ਨਹੀਂ ਪਵੇਗਾ। ਮੈਨੂੰ ਏਟੀਐਸ ‘ਤੇ ਭਰੋਸਾ ਹੈ। ਉਹ ਸੱਚਾਈ ਸਾਹਮਣੇ ਲਿਆਉਣਗੇ। ਅਜਿਹੇ ਮਾਹੌਲ ‘ਚ ਮੇਰਾ ਕੁਝ ਕਹਿਣਾ ਠੀਕ ਨਹੀਂ ਹੈ, ਕਿਉਂਕਿ ਇਸ ਦਾ ਜਾਂਚ ‘ਤੇ ਅਸਰ ਪਵੇਗਾ।

ਭਾਜਪਾ ਨੇ ਪਵਾਰ ਨੂੰ ‘ਝੂਠਾ’ ਦੱਸਿਆ
ਭਾਜਪਾ ਆਈ.ਟੀ. ਸੈਲ ਦੇ ਇੰਚਾਰਜ ਅਮਿਤ ਮਾਲਵੀਆ ਨੇ ਸ਼ਰਦ ਪਵਾਰ ਦੇ ਦਾਅਵਿਆਂ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ 15 ਫ਼ਰਵਰੀ ਨੂੰ ਅਨਿਲ ਦੇਸ਼ਮੁਖ ਦਾ ਇਕ ਵੀਡੀਓ ਟਵੀਟ ਰੀਟਵੀਟ ਕੀਤਾ ਹੈ, ਜਿਸ ‘ਚ ਉਹ ਮੀਡੀਆ ਨੂੰ ਸੰਬੋਧਨ ਕਰਦੇ ਵਿਖਾਈ ਦੇ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸ਼ਰਦ ਪਵਾਰ ਸਫ਼ੈਦ ਝੂਠ ਬੋਲ ਰਹੇ ਹਨ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਦੇਸ਼ਮੁਖ ਨਾਗਪੁਰ ਵਿਖੇ ਹਸਪਤਾਲ ‘ਚ ਦਾਖਲ ਸਨ ਅਤੇ ਉਹ ਸਚਿਨ ਵਾਜੇ ਨੂੰ ਵੀ ਨਹੀਂ ਮਿਲੇ ਸਨ।