
ਟੈਨੇਸੀ, 27 ਜਨਵਰੀ, ਹ.ਬ. : ਅਮਰੀਕਾ ਦੇ ਟੈਨੇਸੀ ਸੂਬੇ ਦੇ ਮੈਂਫਿਸ ਸ਼ਹਿਰ ’ਚ ਪੰਜ ਪੁਲਿਸ ਮੁਲਾਜ਼ਮਾਂ ’ਤੇ 29 ਸਾਲਾ ‘ਕਾਲੇ’ ਨੌਜਵਾਨ ਦੀ ਹੱਤਿਆ ਕਰਨ ਦੇ ਦੋਸ਼ ਲੱਗੇ ਹਨ। ਨੌਜਵਾਨ ਦਾ ਨਾਂ ਟਾਇਰ ਨਿਕੋਲਸ ਸੀ। ਰਿਪੋਰਟਾਂ ਦੇ ਅਨੁਸਾਰ, ਪੁਲਿਸ ਕਰਮਚਾਰੀਆਂ ਨੇ ਨੌਜਵਾਨ ਨੂੰ ਸਿਰਫ ਖਤਰਨਾਕ ਡਰਾਈਵਿੰਗ ਲਈ ਸੈਕਿੰਡ ਡਿਗਰੀ ਟਾਰਚਰ ਦਿੱਤਾ। ਉਸ ਨੂੰ ਲੱਤਾਂ ਮਾਰੀਆਂ ਗਈਆਂ, ਟੇਜ਼ਰ ਬੰਦੂਕ ਦੀ ਵਰਤੋਂ ਕੀਤੀ ਅਤੇ ਬੇਰਹਿਮੀ ਨਾਲ ਕੁੱਟਿਆ ਗਿਆ।
ਘਟਨਾ ਦੇ ਤਿੰਨ ਦਿਨ ਬਾਅਦ, ਟਾਇਰ ਨਿਕੋਲਸ ਦੀ ਹਸਪਤਾਲ ਵਿੱਚ ਮੌਤ ਹੋ ਗਈ। ਉਸ ਦੀ ਮੌਤ ਦੇ ਬਾਅਦ ਤੋਂ ਲੋਕ ਮੈਂਫਿਸ ਸ਼ਹਿਰ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਮੈਂਫਿਸ ਪੁਲਿਸ ਵਿਭਾਗ ਅੱਜ ਸ਼ਾਮ ਤੱਕ ਇੱਕ ਵੀਡੀਓ ਫੁਟੇਜ ਜਾਰੀ ਕਰਨ ਵਾਲਾ ਹੈ। ਜਿਸ ਵਿੱਚ ਇਹ ਦਿਖਾਇਆ ਜਾਵੇਗਾ ਕਿ ਕਿਵੇਂ ਨਿਕੋਲਸ ਨੂੰ ਤਸੀਹੇ ਦਿੱਤੇ ਗਏ ਸਨ। ਇਸ ਤੋਂ ਪਹਿਲਾਂ ਪੂਰੇ ਮੈਂਫਿਸ ਸ਼ਹਿਰ ਵਿੱਚ ਕਰਫਿਊ ਵਰਗੇ ਹਾਲਾਤ ਬਣ ਚੁੱਕੇ ਹਨ। ਪੁਲਿਸ ਦੀਆਂ ਗੱਡੀਆਂ ਵੱਖ-ਵੱਖ ਥਾਵਾਂ ’ਤੇ ਗਸ਼ਤ ਕਰ ਰਹੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਦਾ ਗੁੱਸਾ ਹਿੰਸਾ ਵਿੱਚ ਨਾ ਬਦਲ ਜਾਵੇ।
ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਇੱਕ ਬਿਆਨ ਜਾਰੀ ਕਰਕੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।