
ਕੈਲੀਫੋਰਨੀਆ, 13 ਮਾਰਚ, ਹ.ਬ. : ਕੈਲੀਫੋਰਨੀਆ ਦੇ ਸੈਨ ਡਿਏਗੋ ਕਾਉਂਟੀ ਦੇ ਬਲੈਕ ਬੀਚ ਦੇ ਤੱਟ ’ਤੇ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਸੀਐਨਐਨ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਘਟਨਾ ਐਤਵਾਰ ਸਵੇਰੇ ਕਰੀਬ 11:30 ਵਜੇ ਵਾਪਰੀ। ਮੌਕੇ ’ਤੇ ਮੱਛੀ ਫੜਨ ਵਾਲੀ ਕਿਸ਼ਤੀ ’ਤੇ ਸਵਾਰ ਵਿਅਕਤੀ ਨੇ 911 ’ਤੇ ਫੋਨ ਕਰਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ’ਤੇ ਸੈਨ ਡਿਏਗੋ ਫਾਇਰ-ਬਚਾਅ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚ ਗਈ। ਪਹਿਲਾਂ ਤਾਂ ਬਚਾਅ ਕਰਨ ਵਾਲਿਆਂ ਨੂੰ ਤੇਜ਼ ਲਹਿਰਾਂ ਕਾਰਨ ਬੀਚ ਤੱਕ ਪਹੁੰਚਣਾ ਮੁਸ਼ਕਲ ਹੋ ਰਿਹਾ ਸੀ। ਉਸ ਤੋਂ ਬਾਅਦ ਉਥੇ ਪਹੁੰਚਣ ਲਈ ਗੋਡੇ-ਗੋਡੇ ਪਾਣੀ ਵਿੱਚੋਂ ਲੰਘਣਾ ਪੈਂਦਾ ਸੀ। ਲਾਈਫਗਾਰਡਾਂ ਨੇ ਸ਼ੁਰੂ ਵਿੱਚ ਸਿਰਫ਼ ਸੱਤ ਲਾਸ਼ਾਂ ਹੀ ਬਰਾਮਦ ਕੀਤੀਆਂ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੈਨ ਡਿਏਗੋ ਫਾਇਰ-ਰਿਸਕਿਊ ਡਿਪਾਰਟਮੈਂਟ ਨੇ ਕਿਹਾ, ਯੂਐਸ ਕਸਟਮ, ਬਾਰਡਰ ਪ੍ਰੋਟੈਕਸ਼ਨ ਦੇ ਏਅਰ ਅਤੇ ਸੀ ਆਪਰੇਸ਼ਨਸ ਦੀ ਮਦਦ ਨਾਲ, ਲਾਈਫਗਾਰਡਸ ਨੇ ਇੱਕ ਹੋਰ ਲਾਸ਼ ਨੂੰ ਲੱਭਣ ਵਿੱਚ ਕਾਮਯਾਬ ਰਹੇ। ਲਾਸ਼ਾਂ ਨੂੰ ਸੈਨ ਡਿਏਗੋ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਵਿਭਾਗ ਦੇ ਮੁਤਾਬਕ ਫਾਇਰ ਡਿਪਾਰਟਮੈਂਟ, ਸੈਨ ਡਿਏਗੋ ਪੁਲਿਸ ਵਿਭਾਗ, ਯੂਐਸ ਕਸਟਮ, ਬਾਰਡਰ ਪ੍ਰੋਟੈਕਸ਼ਨ ਅਤੇ ਯੂਐਸ ਕੋਸਟ ਗਾਰਡ ਸਮੇਤ ਕਈ ਏਜੰਸੀਆਂ ਬਚਾਅ ਕਾਰਜਾਂ ਲਈ ਮੌਕੇ ’ਤੇ ਹਨ।