Home ਦੁਨੀਆ ਅਮਰੀਕਾ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 3 ਕਰੋੜ ਤੋਂ ਟੱਪੀ

ਅਮਰੀਕਾ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 3 ਕਰੋੜ ਤੋਂ ਟੱਪੀ

0
ਅਮਰੀਕਾ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 3 ਕਰੋੜ ਤੋਂ ਟੱਪੀ

ਵਾਸ਼ਿੰਗਟਨ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੋਵਿਡ-19 ਮਹਾਂਮਾਰੀ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਮੁਲਕ ਅਮਰੀਕਾ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 3 ਕਰੋੜ 7 ਲੱਖ ਤੋਂ ਟੱਪ ਗਈ ਹੈ। ਜਦਕਿ 5 ਲੱਖ 58 ਹਜ਼ਾਰ ਤੋਂ ਵੱਧ ਮਰੀਜ਼ ਇਸ ਮਹਾਂਮਾਰੀ ਕਾਰਨ ਦਮ ਤੋੜ ਗਏ ਹਨ। ਹਾਲਾਂਕਿ ਕੁੱਲ ਮਰੀਜ਼ਾਂ ਵਿੱਚੋਂ 2 ਕਰੋੜ 31 ਲੱਖ 32 ਹਜ਼ਾਰ 879 ਤੋਂ ਵੱਧ ਲੋਕ ਸਿਹਤਯਾਬ ਹੋ ਗਏ ਹਨ। 7 ਲੱਖ 12 ਹਜ਼ਾਰ 991 ਮਰੀਜ਼ਾਂ ਦੀ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ 8623 ਦੀ ਹਾਲਤ ਗੰਭੀਰ ਹੈ।
ਜੌਨਸ ਹਾਪਕਿਨਸ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ (ਸੀਐਸਐਸਈ) ਨੇ ਦੱਸਿਆ ਕਿ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਹਾਲਾਤ ਸਭ ਤੋਂ ਜ਼ਿਆਦਾ ਖਰਾਬ ਹਨ, ਜਿੱਥੇ ਮਰੀਜ਼ਾਂ ਦੀ ਗਿਣਤੀ 36 ਲੱਖ 47 ਹਜ਼ਾਰ 735 ਤੋਂ ਟੱਪ ਗਈ ਹੈ। ਇਸ ਤੋਂ ਬਾਅਦ ਟੈਕਸਾਸ (27 ਲੱਖ 65 ਹਜ਼ਾਰ 635), ਫਲੋਰਿਡਾ (20 ਲੱਖ 21 ਹਜ਼ਾਰ 656), ਨਿਊਯਾਰਕ (18 ਲੱਖ 14 ਹਜ਼ਾਰ 662) ਅਤੇ ਇਲਿਨੋਇਸ (12 ਲੱਖ 27 ਹਜ਼ਾਰ 707) ਦਾ ਨੰਬਰ ਆਉਂਦਾ ਹੈ। ਇਨ੍ਹਾਂ ਤੋਂ ਇਲਾਵਾ ਹੋਰਨਾਂ ਸੂਬਿਆਂ ਵਿੱਚ ਕੁੱਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 8 ਲੱਖ ਤੋਂ ਟੱਪ ਗਈ ਹੈ, ਜਿਨ੍ਹਾਂ ਵਿੱਚ ਜਾਰਜੀਆ, ਓਹਾਈਓ, ਪੈਨਸਿਲਵੇਨੀਆ, ਉਤਰੀ ਕੈਰੋਲਿਨਾ, ਨਿਊਜਰਸੀ, ਐਰਿਜ਼ੋਨਾ ਅਤੇ ਟੇਨੇਸੀ ਸ਼ਾਮਲ ਹਨ।
ਦੱਸ ਦੇਈਏ ਕਿ ਅਮਰੀਕਾ ਵਿੱਚ ਕੋਰੋਨਾ ਦੇ ਸਭ ਤੋਂ ਵੱਧ ਕੇਸ ਹਨ। ਦੁਨੀਆ ਵਿੱਚ ਕੋਵਿਡ-19 ਦੇ ਜਿੰਨੇ ਕੁੱਲ ਕੇਸ ਹਨ, ਉਸ ਦੇ 24 ਫੀਸਦੀ ਕੇਸ ਇੱਥੋਂ ਦੇ ਹਨ। ਮ੍ਰਿਤਕਾਂ ਦੀ ਗੱਲ ਕਰੀਏ ਤਾਂ ਦੁਨੀਆ ਵਿੱਚ ਜਿੰਨੀਆਂ ਕੁੱਲ ਮੌਤਾਂ ਕੋਰੋਨਾ ਮਹਾਂਮਾਰੀ ਨਾਲ ਹੋਈਆਂ ਹਨ, ਉਨ੍ਹਾਂ ਵਿੱਚ ਲਗਭਗ 20 ਫੀਸਦੀ ਅਮਰੀਕਾ ’ਚ ਹੋਈਆਂ। 9 ਨਵੰਬਰ 2020 ਨੂੰ ਅਮਰੀਕਾ ਕੋਵਿਡ-19 ਮਾਮਲੇ 1 ਕਰੋੜ ਤੱਕ ਪਹੁੰਚ ਗਏ ਸਨ ਅਤੇ 1 ਜਨਵਰੀ 2021 ਨੂੰ ਇਹ ਗਿਣਤੀ ਦੁੱਗਣੀ ਹੋ ਗਈ। ਉੱਥੇ 2021 ਦੀ ਸ਼ੁਰੂਆਤ ਤੋਂ ਬਾਅਦ ਦੇਸ਼ ਵਿੱਚ ਇੱਕ ਕਰੋੜ ਹੋਰ ਮਾਮਲੇ ਦਰਜ ਹੋਏ। ਸੰਭਾਵਨਾ ਜਤਾਈ ਗਈ ਹੈ ਕਿ 17 ਅਪ੍ਰੈਲ ਤੱਕ ਮਾਮਲਿਆਂ ਦੀ ਗਿਣਤੀ ਹੋਰ ਵਧੇਗੀ। ਰੋਗ ਕੰਟਰੋਲ ਅਤੇ ਰੋਕਥਾਮ ਲਈ ਅਮਰੀਕੀ ਕੇਂਦਰ (ਸੀਡੀਸੀ) ਵੱਲੋਂ ਅੰਦਾਜ਼ਾ ਲਾਇਆ ਗਿਆ ਹੈ ਕਿ ਅਮਰੀਕਾ ਵਿੱਚ 17 ਅਪ੍ਰੈਲ ਤੱਕ ਮੌਤਾਂ ਦੀ ਗਿਣਤੀ 5 ਲੱਖ 58 ਹਜ਼ਾਰ ਤੋਂ 5 ਲੱਖ 78 ਹਜ਼ਾਰ ਤੱਕ ਪੁੱਜ ਸਕਦੀ ਹੈ।