ਸੈਨ ਡਿਆਗੋ, 2 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਫ਼ਰਵਰੀ-ਮਾਰਚ ਦੌਰਾਨ ਬਰਫ਼ਬਾਰੀ ਨੇ 140 ਸਾਲ ਦਾ ਰਿਕਾਰਡ ਤੋੜ ਦਿਤਾ ਅਤੇ ਹੁਣ ਗਰਮੀ ਵੀ ਸਵਾ ਸੌ ਸਾਲ ਦੇ ਰਿਕਾਰਡ ਨੂੰ ਮਾਤ ਦੇ ਰਹੀ ਹੈ। ਅਮਰੀਕਾ ਦੇ ਕਈ ਰਾਜਾਂ ਵਿਚ ਤਾਪਮਾਨ 33 ਡਿਗਰੀ ਸੈਲਸੀਅਤ ਤੱਕ ਪਹੁੰਚ ਗਿਆ ਅਤੇ ਤੇਜ਼ੀ ਨਾਲ ਵਧਦੀ ਗਰਮੀ ਤੋਂ ਬਚਣ ਲਈ ਲੋਕ ਸਮੁੰਦਰੀ ਕੰਢਿਆਂ ਵੱਲ ਜਾ ਰਹੇ ਹਨ। ਮੌਸਮ ਵਿਭਾਗ ਮੁਤਾਬਕ ਅਮਰੀਕਾ ਵਿਚ ਮਾਰਚ ਤੋਂ ਅਪ੍ਰੈਲ ਦਰਮਿਆਨ ਤਾਪਮਾਨ 22 ਤੋਂ 25 ਡਿਗਰੀ ਸੈਲਸੀਅਸ ਦਰਮਿਆਨ ਰਹਿੰਦਾ ਹੈ ਪਰ ਇਸ ਸਾਲ 33 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਅੰਕੜਾ ਪਿਛਲੇ ਵਰਿ੍ਹਆਂ ਦੇ ਮੁਕਾਬਲੇ 7 ਤੋਂ 8 ਡਿਗਰੀ ਜ਼ਿਆਦਾ ਬਣਦਾ ਹੈ। ਸੈਨ ਡਿਆਗੋ ਸਥਿਤ ਨੈਸ਼ਨਲ ਵੈਦਰ ਸਰਵਿਸ ਦੇ ਮੌਸਮ ਵਿਗਿਆਨੀ ਮਾਰਕ ਮੀਡੇ ਨੇ ਦੱਸਿਆ ਕਿ ਸਿਆਲ ਵਿਚ ਭਾਰੀ ਬਰਫ਼ ਡਿੱਗੀ ਪਰ ਸਰਦੀ ਅਚਾਨਕ ਖ਼ਤਮ ਹੋ ਗਈ ਅਤੇ ਹੀਟ ਵੇਵ ਨੇ ਪੈਰ ਪਸਾਰ ਲਏ ਜਦਕਿ ਬਸੰਤ ਰੁੱਤ ਗਾਇਬ ਹੀ ਹੋ ਗਈ। ਸੈਨ ਡਿਆਗੋ ਵਿਖੇ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 32.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਇਸ ਤੋਂ ਪਹਿਲਾਂ 1910 ਵਿਚ 31 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਸਿਰਫ਼ ਅਮਰੀਕਾ ਹੀ ਨਹੀਂ ਯੂਰਪ ਵਿਚ ਵੀ ਅਤਿ ਦੀ ਗਰਮੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿਤੀਆਂ।

