
ਕੈਲੇਫ਼ੋਰਨੀਆ, 8 ਅਪ੍ਰੈਲ (ਰਾਜ ਗੋਗਨਾ) : ਅਮਰੀਕਾ ਦੇ ਇਲੀਨੋਇਸ ਸੂਬੇ ਵਿਚ ਇਕ ਪੰਜਾਬੀ ਟਰੱਕ ਡਰਾਈਵਰ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। ਕੈਲੇਫ਼ੋਰਨੀਆ ਨਾਲ ਸਬੰਧਤ ਟਰੱਕ ਡਰਾਈਵਰ ਦੀ ਸ਼ਨਾਖ਼ਤ 44 ਸਾਲ ਦੇ ਕੁਲਵਿੰਦਰ ਸਿੰਘ ਵਜੋਂ ਕੀਤੀ ਗਈ ਹੈ ਜਿਸ ਦੀ ਲਾਸ਼ ਇਕ ਟਰੱਕ ਸਟੌਪ ਤੋਂ ਬਰਾਮਦ ਕੀਤੀ ਗਈ।
ਇਲੀਨੋਇਸ ਦੀ ਹੈਨਰੀ ਕਾਊਂਟੀ ਦੀ ਕੋਰੋਨਰ ਮੈਲਿਜ਼ਾ ਵਾਟਕਿਨਜ਼ ਨੇ ਦੱਸਿਆ ਕਿ ਟਰੱਕ ਡਰਾਈਵਰ ਕੁਲਵਿੰਦਰ ਸਿੰਘ ਦੀ ਲਾਸ਼ ਸੋਮਵਾਰ ਨੂੰ ਐਟਕਿਨਜ਼ ਦੇ ਲਵਜ਼ ਟਰੈਵਲ ਸਟੌਪ ਤੋਂ ਮਿਲੀ। ਕੁਲਵਿੰਦਰ ਸਿੰਘ ਕੈਲੇਫ਼ੋਰਨੀਆ ਟ੍ਰਾਂਸਪੋਰਟ ਕੰਪਨੀ ਦਾ ਟਰੱਕ ਚਲਾਉਂਦਾ ਸੀ ਅਤੇ ਉਸ ਦਾ ਆਪਣੀ ਕੰਪਨੀ ਨਾਲੋਂ ਸੰਪਰਕ ਟੁੱਟ ਗਿਆ। ਕੰਪਨੀ ਵੱਲੋਂ ਵਾਰ-ਵਾਰ ਫੋਨ ਕਾਲਜ਼ ਕੀਤੇ ਜਾਣ ਦੇ ਬਾਵਜੂਦ ਕੋਈ ਹੁੰਗਾਰਾ ਨਹੀਂ ਮਿਲਿਆ ਜਿਸ ਮਗਰੋਂ ਹੈਨਰੀ ਕਾਊਂਟੀ ਦੇ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ।
ਪੁਲਿਸ ਨੇ ਕੁਲਵਿੰਦਰ ਸਿੰਘ ਦੀ ਮੌਤ ਦੀ ਪੁਸ਼ਟੀ ਕਰ ਦਿਤੀ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਹੁਣ ਤੱਕ ਕੋਈ ਗ਼ੈਰਕੁਦਤਰੀ ਤੱਥ ਸਾਹਮਣੇ ਨਹੀਂ ਆਇਆ। ਕੁਲਵਿੰਦਰ ਸਿੰਘ ਦਾ ਪਿਛੋਕੜ ਦਿੱਲੀ ਸ਼ਹਿਰ ਨਾਲ ਦੱਸਿਆ ਜਾ ਰਿਹਾ ਹੈ।