ਅਮਰੀਕਾ ’ਚ ਵਾਈਟ ਹਾਊਸ ਨੇ 5 ਨਸ਼ੇੜੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ

ਵਾਸ਼ਿੰਗਟਨ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਵਾਈਟ ਹਾਊਸ ਨੇ ਭੰਗ ਜਿਹੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਆਪਣੇ ਪੰਜ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਭੰਗ ਦੀ ਵਰਤੋਂ ਦਾ ਮੁੱਦਾ ਰਾਸ਼ਟਰਪਤੀ ਜੋਅ ਬਾਇਡਨ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ। ਇਸ ਪਿੱਛੇ ਸਭ ਤੋਂ ਵੱਡਾ ਵਜ੍ਹਾ ਇਹ ਹੈ ਕਿ ਇੱਕ ਪਾਸੇ ਜਿੱਥੇ ਵਾਸ਼ਿੰਗਟਨ ਡੀਸੀ ਸਣੇ 15 ਸੂਬਿਆਂ ਨੇ ਮਨੋਰੰਜਨ ਲਈ ਇਸ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਹੋਈ ਹੈ, ਉੱਥੇ ਫੈਡਰਲ ਸਰਕਾਰ ਨੇ ਇਸ ਦੀ ਵਰਤੋਂ ’ਤੇ ਪਾਬੰਦੀ ਲਾਈ ਹੋਈ ਹੈ।
ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਾਕੀ ਨੇ ਕਿਹਾ ਹੈ ਕਿ ਸਿਰਫ਼ ਭੰਗ ਦੀ ਵਰਤੋਂ ਕਰਨ ਦੇ ਚਲਦਿਆਂ ਹੀ ਕਰਮਚਾਰੀਆਂ ਨੂੰ ਨੌਕਰੀ ਤੋਂ ਨਹੀਂ ਕੱਢਿਆ ਗਿਆ ਹੈ, ਸਗੋਂ ਇਸ ਪਿੱਛੇ ਹੋਰ ਵੀ ਕਈ ਕਾਰਨ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਦੂਜੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ।
ਦੱਸ ਦੇਈਏ ਕਿ ਦੋ ਮਹੀਨੇ ਪੁਰਾਣੇ ਬਾਇਡਨ ਪ੍ਰਸ਼ਾਸਨ ਨੇ ਸੁਰੱਖਿਆ ਨਾਲ ਜੁੜੇ ਸੈਂਕੜੇ ਕਰਮਚਾਰੀਆਂ ਦੇ ਕੰਮਕਾਜ ਦੀ ਸਮੀਖਿਆ ਕੀਤੀ ਹੈ। ਇੰਨਾ ਹੀ ਨਹੀਂ, ਬਾਇਡਨ ਪ੍ਰਸ਼ਾਸਨ ਨੇ ਭੰਗ ਨੀਤੀ ਨੂੰ ਲਚਕੀਲਾ ਵੀ ਬਣਾਇਆ ਹੈ। ਹੁਣ ਅਜਿਹੇ ਲੋਕਾਂ ਨੂੰ ਵੀ ਵਾਈਟ ਹਾਊਸ ਵਿੱਚ ਬਤੌਰ ਕਰਮਚਾਰੀ ਰੱਖਣ ਦਾ ਰਾਹ ਸਾਫ਼ ਹੋ ਗਿਆ ਹੈ, ਜੋ ਇੱਕ ਸਾਲ ਵਿੱਚ 15 ਵਾਰ ਇਸ ਦੀ ਵਰਤੋਂ ਕਰ ਚੁੱਕੇ ਹਨ। ਭੰਗ ਦੀ ਵਰਤੋਂ ਨੂੰ ਲੈ ਕੇ ਫੈਡਰਲ ਸਰਕਾਰ ਵੀ ਕੁਝ ਹੱਦ ਤੱਕ ਉਦਾਰ ਹੋਈ ਹੈ।
ਪਰਸੋਨਲ ਮੈਨੇਜਮੈਂਟ ਆਫਿਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕਿਸੇ ਵਿਅਕਤੀ ਨੂੰ ਸਿਰਫ਼ ਭੰਗ ਦੀ ਵਰਤੋਂ ਕਰਨ ਕਰਕੇ ਨੌਕਰੀ ਤੋਂ ਨਹੀਂ ਹਟਾਇਆ ਜਾਣਾ ਚਾਹੀਦਾ ਹੈ।

Video Ad
Video Ad