Home ਅਮਰੀਕਾ ਅਮਰੀਕਾ ’ਚ ਸਿਰਫਿਰੇ ਨੇ ਭੀੜ ’ਤੇ ਚਲਾਈਆਂ ਗੋਲੀਆਂ, 7 ਜ਼ਖਮੀ, 4 ਦੀ ਹਾਲਤ ਗੰਭੀਰ

ਅਮਰੀਕਾ ’ਚ ਸਿਰਫਿਰੇ ਨੇ ਭੀੜ ’ਤੇ ਚਲਾਈਆਂ ਗੋਲੀਆਂ, 7 ਜ਼ਖਮੀ, 4 ਦੀ ਹਾਲਤ ਗੰਭੀਰ

0
ਅਮਰੀਕਾ ’ਚ ਸਿਰਫਿਰੇ ਨੇ ਭੀੜ ’ਤੇ ਚਲਾਈਆਂ ਗੋਲੀਆਂ, 7 ਜ਼ਖਮੀ, 4 ਦੀ ਹਾਲਤ ਗੰਭੀਰ

ਵਾਸ਼ਿੰਗਟਨ, 28 ਮਾਰਚ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਫਿਲਾਡੇਲਫੀਆ ਸ਼ਹਿਰ ਵਿੱਚ ਇੱਕ ਸ਼ਖਸ ਨੇ ਬਾਰ ਦੇ ਬਾਹਰ ਭੀੜ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ 7 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿੱਚ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਫਿਲਹਾਲ ਹਮਲਾਵਰ ਦੀ ਭਾਲ ਕਰ ਰਹੀ ਹੈ।
ਸ਼ੁੱਕਰਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਦੀ ਉਮਰ 42 ਸਾਲ, 23, 21 ਅਤੇ 18 ਸਾਲ ਹੈ। 21 ਸਾਲ ਦੇ ਇੱਕ ਨੌਜਵਾਨ ਅਤੇ 17-17 ਸਾਲ ਦੇ ਦੋ ਅੱਲੜਾਂ ਦੀ ਹਾਲਤ ਸਥਿਰ ਹੈ। ਹੁਣ ਤੱਕ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਸੂਤਰਾਂ ਮੁਤਾਬਕ ਗੋਲਡ ਐਂਡ ਸੋਸ਼ਲ ਸਪੋਰਟਸ ਬਾਰ ਵਿੱਚ ਕਾਫ਼ੀ ਭੀੜ ਸੀ। ਇਹ ਥਾਂ ਸ਼ਹਿਰ ਦੇ ਰੁਝੇਵੇਂ ਭਰੇ ਡੇਲਾਵੇਅਰ ਐਵੇਨਿਊ ਦੇ ਨੇੜੇ ਹੈ। ਇਸੇ ਦੌਰਾਨ ਇੱਕ ਸ਼ਖਸ ਨੇ ਹੈਂਡਗਨ ਨਾਲ ਭੀੜ ’ਤੇ ਗੋਲੀਆਂ ਚਲਾ ਦਿੱਤੀਆਂ। ਮੌਕੇ ’ਤੇ ਪਹੁੰਚੀ ਪੁਲਿਸ ਨੂੰ ਇੱਕ ਸਟੋਰ ਵਿੱਚ ਦੋ ਅਤੇ ਬਾਰ ਵਿੱਚ ਦੋ ਜ਼ਖਮੀ ਮਿਲੇ। ਤਿੰਨ ਹੋਰ ਲੋਕ ਆਪਣੇ ਵਾਹਨਾਂ ਰਾਹੀਂ ਹਸਪਤਾਲ ਚਲੇ ਗਏ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਰਵਿਲਾਂਸ ਵੀਡੀਓ ਵਿੱਚ ਇੱਕ ਐਸਯੂਵੀ ਅਤੇ ਸਫ਼ੇਦ ਕਾਰ ਦੇ ਨੇੜੇ ਕਈ ਲੋਕ ਦਿਖਾਈ ਦੇ ਰਹੇ ਹਨ। ਇਹ ਸਾਰੇ ਰਿਵਰਸ ਕੈਸਿਨੋ ਦੀ ਪਾਰਕਿੰਗ ਵਿੱਚ ਮੌਜੂਦ ਹਨ। ਬਾਅਦ ਵਿੱਚ ਉਹ ਗਰੇਅ ਰੰਗ ਦੀ ਇੱਕ ਕਾਰ ਰਾਹੀਂ ਨਿਕਲ ਗਏ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਬਾਅਦ ਵਿੱਚ ਐਸਯੂਵੀ ਵਿੱਚ ਦੋ ਹੈਂਡ ਗੰਨ ਮਿਲੀਆਂ। ਸਫ਼ੇਦ ਕਾਰ ਬਾਰੇ ਪਤਾ ਲੱਗਾ ਹੈ ਕਿ ਉਹ ਚੋਰੀ ਦੀ ਹੈ। ਇਸ ਘਟਨਾ ਤੋਂ ਪਹਿਲਾਂ ਫਿਲਾਡੇਲਫੀਆ ਦੇ ਇੱਕ ਮੋਟਰਸਾਈਕਲ ’ਤੇ ਸਵਾਰ ਦੋ ਮੁੰਡਿਆਂ ਨੂੰ ਗੋਲੀ ਮਾਰੀ ਗਈ ਸੀ। ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ। ਉਸ ਗੋਲੀਬਾਰੀ ਵਿੱਚ ਇੱਕ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਦੋਵਾਂ ਘਟਨਾਵਾਂ ਵਿੱਚ ਕੋਈ ਸਬੰਧ ਨਹੀਂ ਹੈ। ਅਮਰੀਕਾ ਵਿੱਚ 16 ਤੋਂ 22 ਮਾਰਚ ਤੱਕ ਭੀੜ ’ਤੇ ਗੋਲੀਬਾਰੀ ਦੀਆਂ ਸੱਤ ਘਟਨਾਵਾਂ ਵਾਪਰ ਚੁੱਕੀਆਂ ਹਨ।