ਵਾਸ਼ਿੰਗਟਨ, 14 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਵੇਂ ਟਰੰਪ ਸਰਕਾਰ ਵੇਲੇ ਲਾਗੂ ਜ਼ਿਆਦਾਤਰ ਇੰਮੀਗ੍ਰੇਸ਼ਨ ਵਿਰੋਧੀ ਨੀਤੀਆਂ ਹਟਾ ਦਿਤੀਆਂ ਹਨ ਪਰ ਪਿਛਲੇ ਸਮੇਂ ਦੌਰਾਨ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਆਈ ਖੜੋਤ ਕਾਰਨ 26 ਲੱਖ ਅਰਜ਼ੀਆਂ ਦਾ ਵੱਡਾ ਬੈਕਲਾਗ ਖੜ੍ਹਾ ਹੋ ਗਿਾ ਹੈ। ਇਨ੍ਹਾਂ ਵਿਚ 5 ਲੱਖ ਅਰਜ਼ੀਆਂ ਅਜਿਹੀਆਂ ਹਨ ਜਿਨ੍ਹਾਂ ਨਾਲ ਸਬੰਧਤ ਸਾਰੇ ਦਸਤਾਵੇਜ਼ ਦਾਖ਼ਲ ਕੀਤੇ ਜਾ ਚੁੱਕੇ ਹਨ ਅਤੇ ਸਿਰਫ ਇੰਟਰਵਿਊ ਦਾ ਸੱਦਾ ਮਿਲਣਾ ਬਾਕੀ ਹੈ। ਵਿਦੇਸ਼ ਵਿਭਾਗ ਦੇ ਅੰਕੜਿਆਂ ਮੁਤਾਬਕ ਵੀਜ਼ਾ ਅਰਜ਼ੀਆਂ ਦਾ ਬੈਕਲਾਗੂ ਚਾਰ ਪਹਿਲਾਂ ਦੇ ਮੁਕਾਬਲੇ ਡੇਢ ਤੋਂ ਦੋ ਗੁਣਾ ਤੱਕ ਵਧ ਗਿਆ ਹੈ। ਕਈ ਵੀਜ਼ਾ ਸ਼ੇ੍ਰਣੀ ਵਿਚ ਬੈਕਲਾਗ ਵਧਣ ਦਾ ਮੁੱਖ ਕਾਰਨ ਕੋਰੋਨਾ ਮਹਾਂਮਾਰੀ ਕਾਰਨ ਲੱਗੀਆਂ ਬੰਦਿਸ਼ਾਂ ਵੀ ਹਨ ਪਰ ਜ਼ਿਆਦਾਤਰ ਯੋਗਦਾਨ ਡੌਨਲ ਟਰੰਪ ਵੱਲੋਂ ਲਾਗੂ ਇੰਮੀਗ੍ਰੇਸ਼ਨ ਵਿਰੋਧੀ ਨੀਤੀਆਂ ਨੇ ਪਾਇਆ। ਟਰੰਪ ਸਰਕਾਰ ਵੇਲੇ ਲਾਗੂ ਸਾਰੀਆਂ ਇੰਮੀਗ੍ਰੇਸ਼ਨ ਨੀਤੀਆਂ ਖ਼ਤਮ ਨਹੀਂ ਕੀਤੀਆਂ ਜਾ ਸਕੀਆਂ ਅਤੇ ਬਾਇਡਨ ਸਰਕਾਰ ਇਨ੍ਹਾਂ ਦੀ ਸਮੀਖਿਆ ਕਰ ਰਹੀ ਹੈ। ਪਿਛਲੇ ਹਫ਼ਤੇ ਬਾਇਡਨ ਸਰਕਾਰ ਵੱਲੋਂ ਉਠਾਏ ਗਏ ਅਹਿਮ ਕਦਮ ਤਹਿਤ ਅਮਰੀਕਾ ਵਿਚ ਮੌਜੂਦ ਪ੍ਰਵਾਸੀਆਂ ਦੇ ਮੰਗੇਤਰ ਨੂੰ ਵੀਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ। ਵਿਦੇਸ਼ ਮੰਤਰੀ ਐਂਟਨੀ ਬÇਲੰਕਨ ਨੇ ਕਿਹਾ ਕਿ ਮੰਗੇਤਰ ਵੀਜ਼ਾ ਸ਼੍ਰੇਣੀ ’ਤੇ ਲੱਗੀਆਂ ਪਾਬੰਦੀਆਂ ਹਟਾਉਣਾ ਦੇਸ਼ ਹਿਤ ਵਿਚ ਹੈ। ਦੱਸ ਦੇਈਏ ਕਿ ਜੋਅ ਬਾਇਡਨ ਨੇ ਸੱਤਾ ਸੰਭਾਲਣ ਮਗਰੋਂ ਇਸਲਾਮਿਕ ਮੁਲਕਾਂ ’ਤੇ ਲੱਗੀਆਂ ਆਵਾਜਾਈ ਬੰਦਿਸ਼ਾਂ ਖ਼ਤਮ ਕਰ ਦਿਤੀਆਂ ਸਨ ਪਰ ਰਫ਼ਿਊਜੀਆਂ ਦੀ ਗਿਣਤੀ ਵਧਾਉਣ ਦੇ ਮੁੱਦੇ ’ਤੇ ਹਾਲੇ ਤੱਕ ਫ਼ੈਸਲਾ ਨਹੀਂ ਲਿਆ ਜਾ ਸਕਿਆ। ਅਮਰੀਕੀ ਵਿਦੇਸ਼ ਵਿਭਾਗ ਦੇ ਨੈਸ਼ਨਲ ਵੀਜ਼ਾ ਸੈਂਟਰ ਦੀ ਸਹਾਇਕ ਡਾਇਰੈਕਟਰ ਰਿਬੇਕਾ ਔਸਟਿਨ ਨੇ ਕੈਲੇਫੋਰਨੀਆ ਦੀ ਇਕ ਅਦਾਲਤ ਵਿਚ ਦਾਖ਼ਲ ਹਲਫ਼ਨਾਮੇ ਰਾਹੀਂ ਦੱਸਿਆ ਕਿ ਫ਼ਰਵਰੀ 2017 ਵਿਚ ਟਰੰਪ ਦੇ ਸੱਤਾ ਸੰਭਾਲਣ ਮੌਕੇ ਪਰਵਾਰ ਆਧਾਰਤ ਵੀਜ਼ਾ ਅਰਜ਼ੀਆਂ ਦੇ ਬੈਕਲਾਗ ਦਾ ਅੰਕੜਾ ਸਿਰਫ਼ 2312 ਦਰਜ ਕੀਤਾ ਗਿਆ ਜੋ 8 ਫ਼ਰਵਰੀ 2020 ਤੱਕ ਵਧ ਕੇ 27 ਹਜ਼ਾਰ ਦੇ ਨੇੜੇ ਪੁੱਜ ਗਿਆ। ਇਸ ਮਗਰੋਂ ਮਹਾਂਮਾਰੀ ਨੇ ਦਸਤਕ ਦੇ ਦਿਤੀ ਅਤੇ ਇਸ ਸਾਲ 8 ਫ਼ਰਵਰੀ ਤੱਕ 2 ਲੱਖ 85 ਹਜ਼ਾਰ ਅਰਜ਼ੀਆਂ ਬਕਾਇਆ ਪਈਆਂ ਸਨ। ਵੀਜ਼ਾ ਅਰਜ਼ੀਆਂ ਦੇ ਪ੍ਰੋਸੈਸਿੰਗ ਵਿਚ ਦੇਰੀ ਨਾਲ ਸਬੰਧਤ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਪਿਛਲੇ ਸਾਲ ਜਨਵਰੀ ਵਿਚ ਵਿਦੇਸ਼ ਵਿਭਾਗ ਵੱਲੋਂ ਪਰਵਾਰ ਆਧਾਰਤ ਵੀਜ਼ਾ ਲਈ ਤਕਰੀਬਨ 23 ਹਜ਼ਾਰ ਇੰਟਰਵਿਊਜ਼ ਵਾਸਤੇ ਸੱਦੇ ਭੇਜੇ ਗਏ ਪਰ ਇਸ ਸਾਲ ਜਨਵਰੀ ਵਿਚ ਇਹ ਅੰਕੜਾ ਸਿਰਫ਼ 262 ਰਹਿ ਗਿਆ। ਸੀ.ਐਨ.ਐਨ. ਦੀ ਰਿਪੋਰਟ ਮੁਤਾਬਕ ਕਈ ਮੁਕੱਦਮਿਆਂ ਨਾਲ ਸਬੰਧਤ ਇੰਮੀਗ੍ਰੇਸ਼ਨ ਵਕੀਲਾਂ ਨੇ ਦੱਸਿਆ ਕਿ ਵਿਦੇਸ਼ ਵਿਭਾਗ ਹੁਣ ਵੀ ਦੁਨੀਆਂ ਦੇ ਕਈ ਖਿਤਿਆਂ ਨਾਲ ਸਬੰਧਤ ਲੋਕਾਂ ਨੂੰ ਵੀਜ਼ੇ ਦੇਣ ਤੋਂ ਇਨਕਾਰੀ ਹੈ। ਇਸ ਬਾਰੇ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਅੰਬੈਸੀਆਂ ਅਤੇ ਕੌਂਸਲੇਟਾਂ ਵਿਚ ਹੌਲੀ-ਹੌਲੀ ਪੁਰਾਣੀ ਰਫ਼ਤਾਰ ਨਾਲ ਕੰਮ ਸ਼ੁਰੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪਰ ਇਸ ਸਾਲ ਦੇ ਅੱਧ ਤੋਂ ਬਾਅਦ ਹੀ ਹਾਲਾਤ ਵਿਚ ਸੁਧਾਰ ਹੋਣ ਦੀ ਉਮੀਦ ਹੈ। ਬਾਇਡਨ ਸਰਕਾਰ ਵੱਲੋਂ ਅੰਬੈਸੀਜ਼ ਅਤੇ ਕੌਂਸਲੇਟਸ ਦੀਆਂ ਸੇਵਾਵਾਂ ਵਿਚ ਸੁਧਾਰ ਖਾਤਰ 1200 ਨਵੇਂ ਮੁਲਾਜ਼ਮਾਂ ਦੀ ਭਰਤੀ ਬਾਰੇ ਤਜਵੀਜ਼ ਪੇਸ਼ ਕੀਤੀ ਗਈ ਹੈ ਅਤੇ ਇਸ ਨੂੰ ਪ੍ਰਵਾਨਗੀ ਮਿਲਣ ਮਗਰੋਂ ਇਕ ਸਾਲ ਤੱਕ ਨਵੇਂ ਅਫ਼ਸਰਾਂ ਦੀ ਭਰਤੀ ਅਤੇ ਸਿਖਲਾਈ ਦਾ ਕੰਮ ਚੱਲੇਗਾ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਸਰਕਾਰ ਹਰ ਸਾਲ ਤਕਰੀਬਨ 55 ਹਜ਼ਾਰ ਲਾਟਰੀ ਵੀਜ਼ੇ ਜਾਰੀ ਕਰਦੀ ਹੈ। ਇਹ ਵੀਜ਼ੇ ਉਨ੍ਹਾਂ ਮੁਲਕਾਂ ਦੇ ਲੋਕਾਂ ਵਾਸਤੇ ਹੁੰਦੇ ਹਨ ਜਿਥੋਂ ਅਮਰੀਕਾ ਹੋਣ ਵਾਲਾ ਪ੍ਰਵਾਸ ਬਹੁਤ ਘੱਟ ਹੈ। ਲਾਟਰੀ ਵੀਜ਼ਾ ਅਧੀਨ ਨੰਬਰ ਆਉਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਮਿਸਾਲ ਵਜੋਂ 2018 ਵਿਚ 1 ਕਰੋੜ 47 ਲੱਖ ਲੋਕਾਂ ਨੇ ਲਾਟਰੀ ਵੀਜ਼ਾ ਵਾਸਤੇ ਅਪਲਾਈ ਕੀਤਾ। ਅਨੁਪਾਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 267 ਜਣਿਆਂ ਪਿੱਛੇ ਸਿਰਫ਼ 1 ਨੂੰ ਹੀ ਵੀਜ਼ਾ ਮਿਲ ਸਕਿਆ।