ਮਹਿਲਾ ਕੋਚ ਨੇ ਛਾਲ ਮਾਰ ਕੇ ਮਸਾਂ ਬਚਾਈ ਜਾਨ
ਬੁਡਾਪੇਸਟ, 24 ਜੂਨ, ਹ.ਬ. : ਕਿਹਾ ਜਾਂਦਾ ਹੈ ਕਿ ਬਚਾਉਣ ਵਾਲਾ ਹਮੇਸ਼ਾ ਮਾਰਨ ਵਾਲੇ ਨਾਲੋਂ ਵੱਡਾ ਹੁੰਦਾ ਹੈ ਅਤੇ ਜੇ ਉਹ ਜਾਨ ਬਚਾਉਂਦਾ ਹੈ ਤਾਂ ਉਹ ਰੱਬ ਕਹਾਉਂਦਾ ਹੈ। ਕੋਚ ਐਂਡਰੀਆ ਅਪਣੀ ਟਰੇਨੀ ਲਈ ਭਗਵਾਨ ਬਣ ਗਈ ਅਤੇ ਉਸ ਨੇ ਉਸ ਦੀ ਜਾਨ ਬਚਾਈ।
ਇਹ ਪੂਰੀ ਘਟਨਾ ਵਿਸ਼ਵ ਐਕੁਆਟਿਕਸ ਚੈਂਪੀਅਨਸ਼ਿਪ ਦੌਰਾਨ ਵਾਪਰੀ। ਬੁਡਾਪੇਸਟ ਵਿੱਚ ਚੱਲ ਰਹੇ ਇਸ ਮੁਕਾਬਲੇ ਦੇ ਸੋਲੋ ਫਰੀ ਦਾ ਫਾਈਨਲ ਚੱਲ ਰਿਹਾ ਸੀ। ਇਸ ’ਚ 25 ਸਾਲਾ ਅਮਰੀਕੀ ਆਰਟਿਸਟਿਕ ਸਵਿਮਰ ਅਨੀਤਾ ਅਲਵਾਰੇਜ਼ ਪਰਫਾਰਮ ਕਰ ਰਹੀ ਸੀ। ਇਸ ਦੌਰਾਨ ਉਹ ਅਚਾਨਕ ਬੇਹੋਸ਼ ਹੋ ਗਈ ਅਤੇ ਡੁੱਬਣ ਲੱਗੀ। ਉਹ ਸਾਹ ਨਹੀਂ ਲੈ ਰਹੀ ਸੀ। ਪਰ ਤੁਰੰਤ ਉਸ ਦੀ ਕੋਚ ਐਂਡਰੀਆ ਫੁਏਂਟੇਸ ਨੇ ਪਾਣੀ ਵਿਚ ਛਾਲ ਮਾਰ ਦਿੱਤੀ ਅਤੇ ਉਸ ਨੂੰ ਬਾਹਰ ਕੱਢ ਲਿਆਈ। ਹਾਲਾਂਕਿ, ਅਲਵਰੇਜ਼ ਜਲਦੀ ਹੀ ਹੋਸ਼ ਵਿੱਚ ਆ ਗਈ ਅਤੇ ਉਸ ਨੂੰ ਤੁਰੰਤ ਡਾਕਟਰੀ ਇਲਾਜ ਦਿੱਤਾ ਗਿਆ। ਹੁਣ ਉਹ ਠੀਕ ਹੈ। ਅਮਰੀਕਾ ਦੀ ਤੈਰਾਕੀ ਟੀਮ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅਲਵਾਰੇਜ਼ ਹੁਣ ਠੀਕ ਮਹਿਸੂਸ ਕਰ ਰਹੀ ਹੈ। ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਅਤੇ ਸਭ ਕੁਝ ਨਾਰਮਲ ਹੈ। ਇਸ ਸਾਰੀ ਘਟਨਾ ਨੂੰ ਦੇਖ ਕੇ ਪੂਰੀ ਅਮਰੀਕੀ ਟੀਮ ਡਰ ਗਈ ਹੈ। ਇਸ ਦੌਰਾਨ ਟੀਮ ਦੀ ਖਿਡਾਰਨਾਂ ਇੱਕ-ਦੂਜੀ ਨੂੰ ਸੰਭਾਲਦੀ ਹੋਈ ਨਜ਼ਰ ਆਈਆਂ। ਇਹ ਸਭ ਕੁਝ ਇੰਨਾ ਅਚਾਨਕ ਹੋਇਆ ਕਿ ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕਿਵੇਂ ਹੋਇਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਚ ਨੇ ਅਲਵਾਰੇਜ਼ ਨੂੰ ਬਚਾਇਆ ਹੋਵੇ। ਪਿਛਲੇ ਸਾਲ ਬਾਰਸੀਲੋਨਾ ਵਿੱਚ ਹੋਏ ਓਲੰਪਿਕ ਕੁਆਲੀਫਾਇਰ ਦੌਰਾਨ ਅਲਵਾਰੇਜ ਵੀ ਇਸੇ ਤਰ੍ਹਾਂ ਬੇਹੋਸ਼ ਹੋ ਗਈ ਸੀ। ਉਦੋਂ ਵੀ ਐਂਡਰੀਆ ਨੇ ਉਸ ਨੂੰ ਬਚਾਇਆ ਸੀ।
ਇਸ ਦੌਰਾਨ ਲਾਈਫਗਾਰਡਾਂ ਦੀ ਲਾਪਰਵਾਹੀ ਸਾਹਮਣੇ ਆ ਗਈ ਅਤੇ ਖਿਡਾਰੀ ਨੂੰ ਬਚਾਉਣ ਦੀ ਬਜਾਏ ਖੜ੍ਹੇ ਹੋ ਕੇ ਤਮਾਸ਼ਾ ਦੇਖਦੇ ਰਹੇ। ਕੋਚ ਐਂਡਰੀਆ ਨੇ ਇਸ ਲਈ ਲਾਈਫਗਾਰਡਸ ਨੂੰ ਵੀ ਫਟਕਾਰ ਵੀ ਲਗਾਈ। ਕੋਚ ਨੇ ਕਿਹਾ, ਇਸੇ ਕਰਕੇ ਮੈਨੂੰ ਛਾਲ ਮਾਰਨੀ ਪਈ। ਕਿਉਂਕਿ ਅਜਿਹਾ ਕਰਨ ਦੀ ਬਜਾਏ, ਲਾਈਫਗਾਰਡ ਉੱਥੇ ਹੀ ਖੜ੍ਹੇ ਰਹੇ।

