ਓਕਲਾਹੋਮਾ, 6 ਅਪ੍ਰੈਲ, ਹ.ਬ. : ਅਮਰੀਕਾ ਦੇ ਓਕਲਾਹੋਮਾ ਵਿਚ ਦੇਰ ਰਾਤ ਇੱਕ ਵਿਅਕਤੀ ਵਲੋਂ ਜ਼ਿਆਦਾ ਨਸ਼ਾ ਕਰਨ ਦੀ ਸੂਚਨਾ ਮਿਲਣ ’ਤੇ ਉਸ ਦੀ ਸਹਾਇਤਾ ਕਰਨ ਗਈ ਪੁਲਿਸ ’ਤੇ ਇੱਕ ਹੋਰ ਵਿਅਕਤੀ ਨੇ ਬੰਦੂਕ ਤਾਣ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਢੇਰ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਗੋਲੀਬਾਰੀ ਦੀ ਇਹ ਘਟਨਾ ਓਕਲਾਹੋਮਾ ਸ਼ਹਿਰ ਦੇ ਦੱਖਣ ਪੱਛਮ ਵਿਚ 50 ਮੀਲ ਦੂਰ ਐਨਾਡਾਰਕੋ ਵਿਚ ਦੇਰ ਰਾਤ Îਇੱਕ ਵਜੇ ਤੋਂ ਪਹਿਲਾਂ ਹੋਈ।
ਓਕਲਾਹੋਮਾ ਸਟੇਟ ਬਿਓਰੋ ਆਫ਼ ਇਨਵੈਸਟੀਗੇਸ਼ਨ ਵਲੋਂ ਦੱਸਿਆ ਗਿਆ ਕਿ ਐਨਾਡਾਰਕੋ ਪੁਲਿਸ ਇੱਕ ਵਿਅਕਤੀ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਿਸ ਨੇ ਕਥਿਤ ਤੌਰ ’ਤੇ ਜ਼ਿਆਦਾ ਨਸ਼ਾ ਕਰ ਲਿਆ ਸੀ। ਇਸੇ ਦੌਰਾਨ 25 ਸਾਲਾ ਸਿਲਾਸ ਲੈਂਬਰਟ ਨਾਂ ਦੇ ਵਿਅਕਤੀ ਨੇ ਬੰਦੂਕ ਕੱਢ ਲਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ ਜਿਸ ਵਿਚ ਐਨਾਡਾਰਕੋ ਪੁਲਿਸ ਦਾ ਅਧਿਕਾਰੀ ਜ਼ਖਮੀ ਹੋ ਗਿਆ। ਲੈਂਬਰਟ ਨੂੰ ਵੀ ਗੋਲੀ ਲੱਗੀ ਅਤੇ ਹਸਪਤਾਲ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਵਿਅਕਤੀ ਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ।

