
ਟੈਕਸਾਸ, 9 ਅਪੈ੍ਰਲ, ਹ.ਬ. : ਅਮਰੀਕਾ ਵਿਚ ਟੈਕਸਾਸ ਦੇ ਬਰਾਇਨ ਸ਼ਹਿਰ ਦੇ ਇੱਕ ਪਾਰਕ ਵਿਚ ਸਿਰਫਿਰੇ ਨੇ ਸ਼ਰੇਆਮ ਗੋਲੀਬਾਰੀ ਕੀਤੀ। ਪਾਰਕ ਵਿਚ ਬੈਠੇ ਇੱਕ ਵਿਅਕਤੀ ਦੀ ਇਸ ਦੌਰਾਨ ਮੌਤ ਹੋ ਗਈ ਜਦ ਕਿ 6 ਹੋਰ ਜ਼ਖਮੀ ਹੋ ਗਏ। ਇਹ ਗੋਲੀਬਾਰੀ ਉਸ ਸਮੇਂ ਹੋਈ ਜਦ ਪਾਰਕ ਵਿਚ ਵੱਡੀ ਗਿਣਤੀ ਵਿਚ ਲੋਕ ਘੁੰਮਣ ਪੁੱਜੇ ਸੀ। ਪੁਲਿਸ ਨੇ ਮਾਮਲੇ ਵਿਚ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ। ਘਟਨਾ ਦਾ ਕਾਰਨ ਅਜੇ ਪਤਾ ਨਹੀਂ ਚਲ ਸਕਿਆ।
ਪੁਲਿਸ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਬਰਾਇਨ ਸ਼ਹਿਰ ਦੇ ਇੰਡਸਟਰੀਅਲ ਪਾਰਕ ਵਿਚ ਹੋਈ। ਸਥਾਨਕ ਸਮੇਂ ਅਨੁਸਾਰ ਇਹ ਘਟਨਾ ਢਾਈ ਵਜੇ ਦੀ ਹੈ। ਚਸ਼ਮਦੀਦਾਂ ਮੁਤਾਬਕ ਹਮਲਾ ਕਰਨ ਵਾਲਾ ਕੈਂਟ ਮੂਰ ਕੈਬਿਨੇਟਸ ਦਾ ਕਰਮਚਾਰੀ ਹੈ। ਪੁਲਿਸ ਨੇ ਸਾਰੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਵਿਚ ਭਰਤੀ ਕਰਾਇਆ ਹੈ।
ਅਮਰੀਕਾ ਵਿਚ ਲਗਾਤਾਰ ਹੋ ਰਹੀ ਗੋਲੀਬਾਰੀ ਦੀ ਘਟਨਾਵਾਂ ਨੂੰ ਲੈ ਕੇ ਰਾਸ਼ਟਰਪਤੀ ਜੋਅ ਬਾਈਡਨ ਵੀ ਚਿੰਤਾ ਵਿਚ ਹਨ। ਉਹ ਇਸ ’ਤੇ ਲਗਾਮ ਲਾਉਣ ਦੀ ਕੋਸ਼ਿਸ਼ ਵਿਚ ਜੁਟੇ ਹਨ। ਬਾਈਡਨ ਨੇ ਕਿਹਾ ਕਿ ਦੇਸ਼ ਵਿਚ ਬੰਦੂਕ ਨਾਲ ਕੀਤੀ ਗਈ ਹਿੰਸਾ ਇੱਕ ਮਹਾਮਾਰੀ ਦੀ ਤਰ੍ਹਾਂ ਹੈ। ਇਸ ਨੂੰ ਰੋਕਣ ਲਈ ਹਰ ਕਦਮ ਚੁੱਕਿਆ ਜਾਵੇਗਾ।
ਇਸੇ ਦੇ ਮੱਦੇਨਜ਼ਰ ਰਾਸ਼ਟਰਪਤੀ ਬਾਈਡਨ ਬੰਦੂਕ ਕੰਟਰੋਲ ਯੋਜਨਾਵਾਂ ਤਹਿਤ ਸਾਬਕਾ ਸੰਘੀ ਏਜੰਟ ਅਤੇ ਬੰਦੂਕ ਕੰਟਰੋਲ ਸਮੂਹ ਗਿਫੋਰਡਸ ਵਿਚ ਸਲਾਹਕਾਰ ਡੇਵਿਡ ਚਿਪਮੈਨ ਵਿਸਫੋਟਕ ਬਿਊਰੋ ਦਾ ਡਾਇਰੈਕਟਰ ਐਲਾਨ ਕਰਨ ਵਾਲੇ ਹਨ। ਇਸ ਨਾਲ ਹÎਥਿਆਰਾਂ ਦੀ ਖਰੀਦ ਅਤੇ ਉਸ ਦੀ ਦੇਖਭਾਲ ਨੂੰ ਲੈ ਕੇ ਨਵੇਂ ਕਾਨੂੰਨ ਵੀ ਬਣਾਏ ਜਾ ਸਕਦੇ ਹਨ।
ਪਿਛਲੇ ਹਫਤੇ ਯਾਨੀ 3 ਅਪ੍ਰੈਲ ਨੂੰ ਵਾਸ਼ਿੰਗਟਨ ਡੀਸੀ ਵਿਚ ਗੋਲੀਬਾਰੀ ਕਾਰਨ ਲੌਕਡਾਊਨ ਲਗਾ ਦਿੱਤਾ ਗਿਆ ਸੀ। ਇਸ ਘਟਨਾ ਦੌਰਾਨ ਕੈਪਿਟਲ ਹਿਲ ਇਲਾਕੇ ਵਿਚ ਦੋ ਪੁਲਿਸ ਅਧਿਕਾਰੀਆਂ ਨੂੰ ਇੱਕ ਗੱਡੀ ਨੇ ਟੱਕਰ ਵੀ ਮਾਰ ਦਿੱਤੀ ਸੀ ਜਿਸ ਵਿਚ ਇੱਕ ਪੁਲਿਸ ਅਫ਼ਸਰ ਦੀ ਮੌਤ ਹੋ ਗਈ ਸੀ। ਪੁਲਿਸ ਵਲੋਂ ਚਲਾਈ ਗੋਲੀ ਵਿਚ ਸ਼ੱਕੀ ਦੀ ਵੀ ਮੌਤ ਹੋ ਗਈ ਸੀ। ਇਸ ਸਾਲ ਹੁਣ ਤੱਕ 455 ਲੋਕ ਗੋਲੀਬਾਰੀ ਵਿਚ ਮਾਰੇ ਜਾ ਚੁੱਕੇ ਹਨ।