Home ਦੁਨੀਆ ਅਮਰੀਕਾ ਦੇ ਨਿਊਜਰਸੀ ਸੂਬੇ ਨੇ ਵਧਾਇਆ ਸਿੱਖਾਂ ਦਾ ਮਾਣ

ਅਮਰੀਕਾ ਦੇ ਨਿਊਜਰਸੀ ਸੂਬੇ ਨੇ ਵਧਾਇਆ ਸਿੱਖਾਂ ਦਾ ਮਾਣ

0
ਅਮਰੀਕਾ ਦੇ ਨਿਊਜਰਸੀ ਸੂਬੇ ਨੇ ਵਧਾਇਆ ਸਿੱਖਾਂ ਦਾ ਮਾਣ

ਨਿਊਜਰਸੀ, 29 ਮਾਰਚ (ਰਾਜ ਗੋਗਨਾ) : ਅਮਰੀਕਾ ਦੇ ਸੂਬੇ ਨਿਊਜਰਸੀ ਦੀ ਵਿਧਾਨ ਸਭਾ ਨੇ ਸਿੱਖਾਂ ਦਾ ਮਾਣ ਵਧਾਉਂਦੇ ਹੋਏ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਵਸ ਨੂੰ ‘ਮਨੁੱਖੀ ਅਧਿਕਾਰਾਂ’ ਤੇ ‘ਧਾਰਮਿਕ ਆਜ਼ਾਦੀ ਦਿਵਸ’ ਵਜੋਂ ਮਾਨਤਾ ਦੇ ਦਿੱਤੀ ਹੈ।
ਨਿਊਜਰਸੀ ਸੈਨੇਟ ਦੇ ਪ੍ਰੈਜ਼ੀਡੈਂਟ ਸਟੀਵ ਸਵੀਨੀ ਅਤੇ ਅਸੈਂਬਲੀ ਦੇ ਸਪੀਕਰ ਕ੍ਰੈਗ ਕੌਗਲਿਨ ਨੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਵਸ ਨੂੰ ‘ਮਨੁੱਖੀ ਅਧਿਕਾਰਾਂ’ ਅਤੇ ‘ਧਾਰਮਿਕ ਆਜ਼ਾਦੀ ਦਿਵਸ’ ਵਜੋਂ ਮਾਨਤਾ ਦੇਣ ਵਾਲੇ ਮਤੇ ਨਾਲ ਸਨਮਾਨਿਤ ਕੀਤਾ। ਸੈਨੇਟ ਦੇ ਪ੍ਰੈਜ਼ੀਡੈਂਟ ਸਟੀਵ ਸਵੀਨੀ ਨੇ ਕਿਹਾ ਕਿ ਦੂਜਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰਨ ਤੋਂ ਵੱਧ ਹੋਰ ਕੋਈ ਵੀ ਦਲੇਰੀ ਨਹੀਂ ਹੈ। ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਨਮਾਨ ਕਰਦੇ ਹੋਏ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦਿਵਸ ਨੂੰ ਮਾਨਤਾ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਨਿਊਜਰਸੀ ਦੀ ਵਿਭਿੰਨ ਅਬਾਦੀ ਦਾ ਇਕ ਮਹੱਤਵਪੂਰਨ ਹਿੱਸਾ ਹੈ, ਜੋ ਸਾਡੇ ਸੂਬੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ। ਗੁਰੂ ਤੇਗ ਬਹਾਦਰ, ਇੱਕ ਅਧਿਆਤਮਕ , ਧਾਰਮਿਕ, ਤੇਗ ਦੇ ਧਨੀ ਸਨ। ਉਨ੍ਹਾਂ ਦੀ ਮਨੁੱਖਤਾ ਲਈ ਕੁਰਬਾਨੀ ‘ਸ੍ਰਿਸ਼ਟੀ ਦੀ ਚਾਦਰ’ ਵਜੋਂ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਿੱਖ ਕੌਮ ਲਈ ਬਹੁਤ ਹੀ ਮਾਣ ਵਾਲਾ ਦਿਨ ਹੈ।
ਸਿੱਖ ਆਗੂ ਹਰਜਿੰਦਰ ਸਿੰਘ ਨੇ ਕਿਹਾ ਨਿਊਜਰਸੀ ਦੇ ਸਾਰੇ ਸਿੱਖਾਂ ਵੱਲੋਂ ਨਿਊਜਰਸੀ ਵਿਧਾਨ ਸਭਾ ਦੇ ਇਸ ਕਾਰਜ ਦੀ ਦਿਲੋਂ ਸ਼ਲਾਘਾ ਕਰਦੇ ਹਾਂ ਅਤੇ ਵਿਸ਼ੇਸ਼ ਤੌਰ ’ਤੇ ਸੈਨੇਟ ਦੇ ਪ੍ਰੈਜ਼ੀਡੈਂਟ ਸਟੀਵ ਸਵੀਨੀ ਅਤੇ ਸਪੀਕਰ ਕ੍ਰੈਗ ਕੌਗਲਿਨ ਦਾ ਇਸ ਇਤਿਹਾਸਕ ਅਵਸਰ ’ਤੇ ਇਸ ਵਿਸ਼ੇਸ਼ ਮਾਨਤਾ ਲਈ ਧੰਨਵਾਦ ਕਰਨਾ ਬਣਦਾ ਹੈ। ਹਰਜਿੰਦਰ ਸਿੰਘ ਨੇ ਕਿਹਾ ਨਿਊਜਰਸੀ ਦੇਸ਼ ਦਾ ਸਭ ਤੋਂ ਵਿਭਿੰਨ ਰਾਜ ਹੈ ਅਤੇ ਸਿੱਖ ਕੌਮ ਆਪਣੇ ਬਹੁਸੱਭਿਆਚਾਰਕ ਤਾਣੇ ਦਾ ਅਨਿੱਖੜਵਾਂ ਅੰਗ ਹੋਣ ਤੇ ਮਾਣ ਮਹਿਸੂਸ ਕਰ ਰਹੀ ਹੈ। ਨਿਊਜਰਸੀ ਨੇ ਕਈ ਮਹੱਤਵਪੂਰਨ ਕਾਨੂੰਨ ਪਾਸ ਕੀਤੇ ਜੋ ਕਿ ਹੁਣ ਇਸ ਧਰਤੀ ਦੇ ਕਾਨੂੰਨ ਹਨ। ਅਤੇ 14 ਅਪ੍ਰੈਲ ਨੂੰ ‘ਸਿੱਖ ਦਿਵਸ’ ਵਜੋਂ, ਅਪ੍ਰੈਲ ਦਾ ਮਹੀਨਾ ‘ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ’ ਵਜੋਂ ਸਿੱਖਾਂ ਦੇ ਵੱਧ ਰਹੇ ਪ੍ਰਭਾਵ ਨੂੰ ਦਰਸਾਉਂਦਾ ਹੈ। ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਸੁਤੰਤਰਤਾ ਦਿਵਸ ਅਤੇ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਦਿਵਸ 18 ਅਪ੍ਰੈਲ, 2021 ਨੂੰ ਮਨਾਇਆ ਜਾਵੇਗਾ।
ਦੱਸ ਦੇਈਏ ਕਿ ਸਾਰਿਆਂ ਲਈ ਧਾਰਮਿਕ ਆਜ਼ਾਦੀ ਦੇ ਮੋਹਰੀ, ਗੁਰੂ ਤੇਗ ਬਹਾਦਰ ਜੀ ਨੇ ਮੁਗਲ ਸਮਰਾਟ ਔਰੰਗਜ਼ੇਬ ਦਾ ਹਿੰਦੂਆਂ ਦੇ ਜ਼ਬਰਦਸਤੀ ਧਾਰਮਿਕ ਧਰਮ ਨੂੰ ਪਰਿਵਰਤਨ ਦੇ ਵਿਰੁੱਧ ਮੁਕਾਬਲਾ ਕੀਤਾ, ਜਿਸ ਕੰਮ ਲਈ ਸੰਨ 1675 ਵਿੱਚ ਉਹਨਾਂ ਦਾ ਜਨਤਕ ਤੌਰ ’ਤੇ ਦਿੱਲੀ ਵਿਚ ਸੀਸ ਕਲਮ ਕੀਤਾ ਗਿਆ ਸੀ।