ਟਰੱਕ ਲੈ ਕੇ ਵਾਈਟ ਹਾਊਸ ਵਿਚ ਦਾਖ਼ਲ ਹੋਣ ਦਾ ਯਤਨ
ਵਾਸ਼ਿੰਗਟਨ, 24 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਹੱਤਿਆ ਦੇ ਇਰਾਦੇ ਨਾਲ ਵਾਈਟ ਹਾਊਸ ਵੱਲ ਟਰੱਕ ਲੈ ਕੇ ਗਏ ਭਾਰਤੀ ਮੂਲ ਦੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸ਼ੱਕੀ ਦਾ ਨਾਂ ਸਾਈ ਵਰਸ਼ਿਤ ਕੰਦੁਲਾ ਦੱਸਿਆ ਜਾ ਰਿਹਾ ਹੈ ਜਿਸ ਕੋਲੋਂ ਹਿਟਲਰ ਦੀ ਪਾਰਟੀ ਦਾ ਨਾਜ਼ੀ ਝੰਡਾ ਬਰਾਮਦ ਕੀਤਾ ਗਿਆ ਹੈ। ਵਰਸ਼ਿਤ ਨੇ ਵਾਈਟ ਹਾਊਸ ਨੇੜੇ ਇਕ ਬੈਰੀਕੇਡ ਨੂੰ ਦੋ ਵਾਰ ਟੱਕਰ ਮਾਰੀ ਅਤੇ ਅੱਗੇ ਵਧਣ ਦਾ ਯਤਨ ਕੀਤਾ। ਵਾਰਦਾਤ ਦੇ ਚਸ਼ਮਦੀਦ ਅਤੇ ਵਾਸ਼ਿੰਗਟਨ ਦੇ ਵਸਨੀਕ ਕ੍ਰਿਸ ਜਾਬੋਜ਼ੀ ਨੇ ਦੱਸਿਆ ਕਿ ਬੈਰੀਕੇਡ ਨਾਲ ਟੱਕਰ ਦੀ ਦੋ ਵਾਰ ਆਵਾਜ਼ ਆਈ ਅਤੇ ਉਸ ਨੇ ਵੀਡੀਓ ਰਿਕਾਰਡ ਕਰਨ ਦਾ ਯਤਨ ਕੀਤਾ ਪਰ ਇਸੇ ਦੌਰਾਨ ਪੁਲਿਸ ਦੇ ਸਾਇਰਨ ਵੱਜਣੇ ਸ਼ੁਰੂ ਹੋ ਗਏ।