ਵਾਸ਼ਿੰਗਟਨ, 28 ਅਪ੍ਰੈਲ, ਹ.ਬ. : ਭਾਰਤ ਨੇ ਸੂਡਾਨ ਵਿੱਚ ਚੱਲ ਰਹੀ ਲੜਾਈ ਦੇ ਦੌਰਾਨ ਆਪਣੇ 1100 ਲੋਕਾਂ ਨੂੰ ਬਚਾਇਆ ਹੈ। ਇਨ੍ਹਾਂ ਵਿੱਚੋਂ 600 ਤੋਂ ਵੱਧ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ। ਭਾਰਤ ਵਾਂਗ ਕਈ ਹੋਰ ਦੇਸ਼ ਵੀ ਸੂਡਾਨ ਤੋਂ ਆਪਣੇ ਲੋਕਾਂ ਨੂੰ ਕੱਢ ਰਹੇ ਹਨ। ਇਸ ਦੇ ਨਾਲ ਹੀ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਅਜਿਹਾ ਨਹੀਂ ਕਰ ਰਿਹਾ ਹੈ।
‘ਅਲਜਜ਼ੀਰਾ’ ਮੁਤਾਬਕ ਅਮਰੀਕਾ ਨੇ ਆਪਣੇ ਦੂਤਘਰ ਦੇ ਸਿਰਫ 70 ਲੋਕਾਂ ਨੂੰ ਸੂਡਾਨ ਤੋਂ ਬਾਹਰ ਕੱਢਿਆ ਹੈ। ਜਦੋਂ ਕਿ ਸੂਡਾਨ ਵਿੱਚ 16 ਹਜ਼ਾਰ ਤੋਂ ਵੱਧ ਅਮਰੀਕੀ ਨਾਗਰਿਕ ਰਹਿੰਦੇ ਹਨ। ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ’ਤੇ ਅਮਰੀਕਾ ਆਪਣੇ ਲੋਕਾਂ ਨੂੰ ਜੰਗ ’ਚ ਇਕੱਲਾ ਛੱਡ ਚੁੱਕਾ ਹੈ।
25 ਅਪ੍ਰੈਲ ਨੂੰ, ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਬਿਆਨ ਜਾਰੀ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਸੂਡਾਨ ਵਿਚ ਸਥਿਤੀ ਲਗਾਤਾਰ ਵਿਗੜ ਰਹੀ ਹੈ, ਸੁਰੱਖਿਆ ਸਥਿਤੀ ਅਤੇ ਹਵਾਈ ਅੱਡੇ ਦੇ ਬੰਦ ਹੋਣ ਕਾਰਨ ਸਰਕਾਰ ਲੋਕਾਂ ਨੂੰ ਕੱਢਣ ਲਈ ਕੋਈ ਆਪਰੇਸ਼ਨ ਨਹੀਂ ਚਲਾ ਸਕੇਗੀ।
ਸੂਡਾਨ ਤੋਂ ਆਪਣੇ ਲੋਕਾਂ ਨੂੰ ਕੱਢਣ ਦੀ ਬਜਾਏ ਅਮਰੀਕਾ ਉਨ੍ਹਾਂ ਨੂੰ ਬਚਣ ਲਈ ਜ਼ਰੂਰੀ ਰਸਤਿਆਂ ਦੀ ਜਾਣਕਾਰੀ ਦੇ ਰਿਹਾ ਹੈ। ਜਿਹੜੇ ਲੋਕ ਆਪਣੇ ਤੌਰ ’ਤੇ ਪੋਰਟ ਸੁਡਾਨ ਪਹੁੰਚ ਰਹੇ ਹਨ, ਉਨ੍ਹਾਂ ਨੂੰ ਜੇਦਾਹ ਲਈ ਸਿਰਫ
ਫੇਰੀ ਹੀ ਦਿੱਤੀਆਂ ਜਾ ਰਹੀਆਂ ਹਨ। ਇਹ ਕਿਸ਼ਤੀ ਉਪਲਬਧ ਹੋਵੇਗੀ ਜਾਂ ਨਹੀਂ, ਇਹ ਉੱਥੋਂ ਦੀ ਸੁਰੱਖਿਆ ਸਥਿਤੀ ’ਤੇ ਨਿਰਭਰ ਕਰਦਾ ਹੈ। ਅਮਰੀਕੀ ਸਰਕਾਰ ਉੱਥੇ ਫਸੇ ਆਪਣੇ ਲੋਕਾਂ ਦੀ ਮਦਦ ਫੋਨ ਅਤੇ ਇੰਟਰਨੈੱਟ ਰਾਹੀਂ ਹੀ ਕਰ ਰਹੀ ਹੈ।
‘ਅਲਜਜ਼ੀਰਾ’ ਮੁਤਾਬਕ ਅਫਗਾਨਿਸਤਾਨ ਨੂੰ ਛੱਡ ਕੇ ਅਮਰੀਕਾ ਨੇ ਕਦੇ ਵੀ ਜੰਗ ਜਾਂ ਸੰਘਰਸ਼ ਦੌਰਾਨ ਆਪਣੇ ਲੋਕਾਂ ਨੂੰ ਦੂਜੇ ਦੇਸ਼ਾਂ ਤੋਂ ਨਹੀਂ ਕੱਢਿਆ। ਬਹੁਤੇ ਦੇਸ਼ਾਂ ਵਿੱਚ, ਯੁੱਧ ਦੌਰਾਨ, ਅਮਰੀਕਾ ਦੇ ਬਚਾਅ ਕਾਰਜ ਸਿਰਫ ਡਿਪਲੋਮੈਟਾਂ ਤੱਕ ਹੀ ਸੀਮਤ ਰਹੇ ਹਨ। ਯਮਨ, ਸੀਰੀਆ, ਵੈਨੇਜ਼ੁਏਲਾ ਅਜਿਹੀਆਂ ਹੀ ਕੁਝ ਉਦਾਹਰਣਾਂ ਹਨ। ਜਿੱਥੇ ਹਾਲਾਤ ਵਿਗੜਦੇ ਗਏ ਪਰ ਅਮਰੀਕੀ ਸਰਕਾਰ ਨੇ ਲੋਕਾਂ ਨੂੰ ਆਪਣਾ ਬਚਾਅ ਕਰਨ ਲਈ ਛੱਡ ਦਿੱਤਾ।
ਇਸੇ ਤਰ੍ਹਾਂ ਯੂਕਰੇਨ ਦੀ ਜੰਗ ਦੌਰਾਨ ਅਮਰੀਕੀ ਸਰਕਾਰ ਨੇ ਕਿਹਾ ਸੀ ਕਿ ਚੇਤਾਵਨੀ ਦੇ ਬਾਵਜੂਦ ਨਾ ਆਉਣ ਵਾਲੇ ਲੋਕਾਂ ਨੂੰ ਬਚਾਉਣ ਲਈ ਉੱਥੇ ਕੋਈ ਨਹੀਂ ਜਾਵੇਗਾ। ਜਦੋਂ ਕਿ ਸਥਿਤੀ ਅਜਿਹੀ ਸੀ ਕਿ ਬਾਈਡਨ ਨੇ ਖੁਦ ਕਿਹਾ ਸੀ ਕਿ ਤੀਜਾ ਵਿਸ਼ਵ ਯੁੱਧ ਸ਼ੁਰੂ ਹੋ ਸਕਦਾ ਹੈ।