
ਨਿਊਯਾਰਕ, 4 ਅਗਸਤ, ਹ.ਬ. : ਰੂਸ ਦੇ ਇਤਰਾਜ਼ ਦੇ ਵਿਚ ਫਿਨਲੈਂਡ ਅਤੇ ਸਵੀਡਨ ਨੂੰ ਅਮਰੀਕਾ ਨੇ ਨਾਰਥ ਅਟਲਾਂਟਿਕ ਟ੍ਰੀਟੀ ਸੰਗਠਨ ਯਾਨੀ ਕਿ ਨਾਟੋ ਦੀ ਮੈਂਬਰਸ਼ਿਪ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕੀ ਸੰਸਦ ਦੇ ਉਪਰਲੇ ਸਦਨ ਵਿਚ ਇਸ ਦੇ ਲਈ ਬੁਧਵਾਰ ਨੂੰ ਵੋਟਿੰਗ ਹੋਈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਇਸ ਨਾਲ ਫਿਨਲੈਂਡ ਅਤੇ ਸਵੀਡਨ ਦੇ ਨਾਟੋ ਵਿਚ ਸ਼ਾਮਲ ਹੋਣ ਨਾਲ ਰੱਖਿਆ ਸਹਿਯੋਗ ਨੂੰ ਮਜ਼ਬੂਤੀ ਮਿਲੇਗੀ ਅਤੇ ਇਸ ਨਾਲ ਪੂਰੇ ਟਰਾਂਸਅਟਲਾਂਟਿਕ ਗਠਜੋੜ ਨੂੰ ਫਾਇਦਾ ਪੁੱਜੇਗਾ।
ਅਮਰੀਕਾ ਨੇ ਰੂਸ ਦੀ ਟੈਂਸ਼ਨ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ। ਅਮਰੀਕਾ ਨੇ ਫਿਨਲੈਂਡ , ਸਵੀਡਨ ਨੂੰ ਨਾਟੋ ਦੀ ਮੈਂਬਰਸ਼ਿਪ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿਸ਼ੇ ’ਤੇ ਨੇਡ ਪ੍ਰਾਈਸ ਨੇ ਕਿਹਾ ਕਿ ਅਮਰੀਕੀ ਸੈਨੇਟ ਵਲੋਂ ਸਵੀਡਨ ਅਤੇ ਫਿਨਲੈਂਡ ਦੀ ਨਾਟੋ ਮੈਂਬਰਸ਼ਿਪ ਨੂੰ ਮਨਜ਼ੂਰੀ ਦਿੱਤੀ ਜਾਣੀ ਸਾਡੇ ਲੰਬੇ ਸਮੇਂ ਦੇ ਸਾਂਝੇਦਾਰਾਂ ਨੂੰ ਮਿਲਣ ਵਾਲੇ ਅਮਰੀਕੀ ਸਹਿਯਗ ਨੂੰ ਦਰਸਾਉਂਦਾ ਹੈ। ਇਹ ਪੱਛਮ ਸੈਨਿਕ ਗਠਜੋੜ ਦੇ ਵਿਸਤਾਰ ਵਿਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਨਾਟੋ ਦੇ ਨਵੇਂ ਮੈਂਬਰ ਬਣਨ ਲਈ ਇਤਿਹਾਸਕ ਬਹਿਸ ਅਤੇ ਮਤਦਾਨ ਦਾ ਗਵਾਹ ਬਣਨ ਦੇ ਲਈ ਸੈਨੇਟ ਨੇ ਦੇਸ਼ਾਂ ਦੇ ਰਾਜਦੂਤਾਂ ਨੂੰ ਸੱਦਾ ਦਿੱਤਾ ਸੀ। ਰਾਸ਼ਟਰਪਤੀ ਜੋਅ ਬਾਈਡਨ ਨੇ ਦੋ ਸਾਬਕਾ ਗੈਰ ਸੈਨਿਕ ਉਤਰੀ ਯੂਰਪੀ ਸਾਂਝੇਦਾਰਾਂ ਨੂੰ ਸੈਨਿਕ ਗਠਜੋੜ ਵਿਚ ਸ਼ਾਮਲ ਕਰਨ ਲਈ ਮਨਜ਼ੂਰੀ ਦੇਣ ਅਤੇ ਇਸ ਦੀ ਦੋ ਦਲੀ ਸੰਸਦ ਵਿਚ ਪੁਸ਼ਟੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਅਪੀਲ ਕੀਤੀ ਸੀ।
ਦੂਜੇ ਪਾਸੇ ਨਾਟੋ ਦੇ 30 ਹੋਰ ਮੈਂਬਰ ਦੇਸ਼ ਸਵੀਡਨ ਅਤੇ ਫਿਨਲੈਂਡ ਨੂੰ ਨਵੇਂ ਮੈਂਬਰ ਦੇ ਤੌਰ ’ਤੇ ਸ਼ਾਮਲ ਕਰਨ ਦੀ ਪ੍ਰਕਿਰਿਆ ’ਤੇ ਵਿਚਾਰ ਕਰ ਰਹੇ ਹਨ। ਦੱਸ ਦੇਈਏ ਕਿ ਦੋਵੇਂ ਦੇਸ਼ਾਂ ਦੇ ਰੁਖ ਵਿਚ ਇਸ ਸਾਲ 24 ਫਰਵਰੀ ਨੂੰ ਰੂਸ ਦੁਆਰਾ ਯੂਕਰੇਨ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਵੱਡਾ ਬਦਲਾਅ ਆਇਆ। ਅਮਰੀਕਾ ਅਤੇ ਯੂਰਪ ਨੇ ਰੂਸ ਨੂੰ ਅਲੱਗ ਥਲੱਗ ਕਰਨ ਲਈ ਕਈ ਤਰ੍ਹਾਂ ਦੀ ਰਣਨੀਤੀਆਂ ਬਣਾਈਆਂ।