ਸੈਨ ਫਰਾਂਸਿਸਕੋ, 31 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੀ ਧਰਤੀ ’ਤੇ ਪੈਰ ਰਖਦਿਆਂ ਹੀ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਕਤਾਚੀਨੀ ਸ਼ੁਰੂ ਕਰ ਦਿਤੀ ਅਤੇ ਮਿਹਣਾ ਮਾਰਦਿਆਂ ਕਿਹਾ ਕਿ ਮੋਦੀ ਜੀ ਤਾਂ ਰੱਬ ਨੂੰ ਵੀ ਦੁਨੀਆਂ ਚਲਾਉਣੀ ਸਿਖਾ ਦੇਣ। ਸੈਨ ਫਰਾਂਸਿਸਕੋ ਵਿਖੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਰਤ ਵਿਚ ਸੱਤਾਧਾਰੀ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ, ਬਾਸ਼ਰਤੇ ਵਿਰੋਧੀ ਧਿਰ ਸਹੀ ਤਰੀਕੇ ਨਾਲ ਲਾਮਬੰਦ ਹੋ ਜਾਵੇ ਅਤੇ ਕਾਂਗਰਸ ਇਸ ਪਾਸੇ ਕੰਮ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੁਨੀਆਂ ਐਨੀ ਵੱਡੀ ਹੈ ਕਿ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਉਹ ਸਭ ਜਾਣਦਾ ਹੈ ਪਰ ਕੁਝ ਲੋਕਾਂ ਦਾ ਗਰੁੱਪ ਇਹ ਮੰਨਦਾ ਹੈ ਕਿ ਉਹ ਸਭ ਜਾਣਦੇ ਹਨ। ਉਨ੍ਹਾਂ ਨੂੰ ਇਥੋਂ ਤੱਕ ਲਗਦੈ ਕਿ ਉਹ ਰੱਬ ਤੋਂ ਵੀ ਜ਼ਿਆਦਾ ਜਾਣਦੇ ਹਨ। ਉਹ ਰੱਬ ਨਾ ਬੈਠ ਕੇ ਉਸ ਨੂੰ ਦੱਸ ਸਕਦੇ ਹਨ ਕਿ ਕੀ ਅਤੇ ਕਿਵੇਂ ਚੱਲ ਰਿਹਾ ਹੈ।