
ਬਾਈਡਨ ਨੇ ਗੰਨ ਕੰਟਰੋਲ ਨੂੰ ਲੈਕੇ 6 ਆਦੇਸ਼ ਜਾਰੀ ਕੀਤੇ
ਨਿਊਯਾਰਕ, 9 ਅਪੈ੍ਰਲ, ਹ.ਬ. : 3 ਮਹੀਨੇ ਤੋਂ ਅਮਰੀਕਾ ਗੋਲੀਬਾਰੀ ਦੀ ਘਟਨਾਵਾਂ ਨਾਲ ਜੂਝ ਰਿਹਾ ਹੈ। ਗੰਨ ਹਿੰਸਾ ਅਥਾਰਿਟੀ ਮੁਤਾਬਕ 3 ਅਪ੍ਰੈਲ ਤੱਕ 8076 ਲੋਕਾਂ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ। ਅਮਰੀਕੀ ਇਤਿਹਾਸ ਵਿਚ ਇਨ੍ਹਾਂ ਦਿਨਾਂ ਸਭ ਤੋਂ ਜ਼ਿਆਦਾ ਬੰਦੂਕਾਂ ਵਿਕ ਰਹੀਆਂ ਹਨ। ਇਨ੍ਹਾਂ ਖਰੀਦਦਾਰਾਂ ਵਿਚ ਹੁਣ ਅੱਧੇ ਏਸ਼ਿਆਈ ਅਮਰੀਕੀ ਹਨ, ਇਨ੍ਹਾਂ ਵਿਚ ਵੀ ਜ਼ਿਆਦਾਤਰ ਚੀਨੀ ਹਨ ਜੋ ਨਸਲੀ ਹਮਲੇ ਕਾਰਨ ਅਜਿਹੀ ਗੋਲੀਬਾਰੀ ਵਿਚ ਸ਼ਿਕਾਰ ਬਣਦੇ ਹਨ। ਨਿਊਯਾਰਕ ਵਿਚ ਬੰਦੂਕ ਕਾਰੋਬਾਰੀ ਜਿੰਮੀ ਗਾਂਗ ਕਹਿੰਦੇ ਹਨ ਕਿ ਨਵੇਂ ਖਰੀਦਦਾਰਾਂ ਵਿਚ ਚੀਨੀ ਅਮਰੀਕੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।
ਮੈਂ ਕਦੇ ਇੰਨੀ ਗਿਣਤੀ ਵਿਚ ਇਨ੍ਹਾਂ ਨੂੰ ਬੰਦੂਕਾਂ ਖਰਦੀਦੇ ਨਹੀਂ ਦੇਖਿਆ। ਹੁਣ ਤੱਕ ਚੀਨੀ ਲੋਕਾਂ ਨੇ ਹਥਿਆਰ ਖਰੀਦਣ ਵਿਚ ਘਬਰਾਹਟ ਰਹਿੰਦੀ ਸੀ ਪਰ ਨਿਊਯਾਰਕ ਵਿਚ ਸਾਊਥ ਏਸ਼ੀਅਨ ਭਾਈਚਾਰੇ ’ਤੇ ਗੋਲੀਬਾਰੀ ਦੀ ਘਟਨਾ 9 ਗੁਣਾ ਵਧਣ ਤੋਂ ਬਾਅਦ ਲੋਕ ਖੁਦ ਨੂੰ ਬਚਾਉਣ ਦੇ ਲਈ ਹਥਿਆਰ ਖਰੀਦ ਰਹੇ ਹਨ। ਗਾਂਗ ਕਹਿੰਦੇ ਹਨ ਕਿ ਮਹਾਮਾਰੀ ਦੌਰਾਨ ਬੰਦੂਕਾਂ ਦੀ ਵਿਕਰੀ ਦੁੱਗਣੀ ਹੋ ਗਈ ਹੈ, ਇਨ੍ਹਾਂ ਵਿਚ ਅੱਧਾ ਬਿਜ਼ਨਸ ਏਸ਼ਿਆਈ ਅਮਰੀਕੀਆਂ ਤੋਂ ਮਿਲ ਰਿਹਾ ਹੈ।
ਇੱਕ ਹੈਰਾਨ ਕਰਨ ਵਾਲਾ ਤੱਥ ਇਹ ਹੈ ਕਿ ਰਾਹਤ ਪੈਕੇਜ ਤਹਿਤ ਮਿਲ ਰਹੇ ਚੈੱਕ ਦਾ Îਇਸਤੇਮਾਲ ਲੋਕ ਬੰਦੂਕ ਖਰੀਦਣ ਵਿਚ ਕਰ ਰਹੇ ਹਨ। ਦੇਸ਼ ਦੇ ਕਈ ਬੰਦੂਕ ਦੁਕਾਨ ਮਾਲਕਾਂ ਦਾ ਕਹਿਣਾ ਹੈ ਕਿ ਅਮਰੀਕੀ ਨਾਗਰਿਕਾਂ ਦਾ ਇੱਕ ਵਰਗ ਬੰਦੂਕ ਖਰੀਦਣ ਦੇ ਲਈ ਰਾਹਤ ਪੈਕੇਜ ਦਾ ਇਸਤੇਮਾਲ ਕਰ ਰਿਹਾ ਹੈ। ਨੈਸ਼ਨਲ ਅਫਰੀਕਨ ਅਮਰੀਕਨ ਗੰਨ ਐਸੋਸੀਏਸ਼ਨ ਦੇ ਫਾਊਂਡਰ ਫਿਲਿਪ ਸਮਿਥ ਕਹਿੰਦੇ ਹਨ ਕਿ ਗੋਲੀਬਾਰੀ ਘਟਨਾਵਾਂ ਨੇ ਵੀ ਲੋਕਾਂ ਨੂੰ ਬੰਦੂਕ ਰੱਖਣ ਦੇ ਲਈ ਉਤਸ਼ਾਹਤ ਕੀਤਾ ਹੈ। ਲੋਕ ਗੰਭੀਰਤਾ ਨਾਲ ਸੋਚ ਰਹੇ ਹਨ ਕਿ ਖੁਦ ਅਤੇ ਪਰਵਾਰ ਨੂੰ ਕਿਵੇਂ ਬਚਾਈਏ।
ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਗੰਨ ਕੰਟਰੋਲ ਨੂੰ ਲੈ ਕੇ 6 ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਗੰਨ ਵਾਇਲੈਂਸ ਮਹਾਮਾਰੀ ਹੈ, ਅਮਰੀਕਾ ਦੇ ਲਈ ਇਹ ਕੌਮਾਂਤਰੀ ਸ਼ਰਮਿੰਦਗੀ ਹੈ। ਬਾਈਡਨ ਨੇ ਅਮਰੀਕੀ ਨਿਆ ਵਿਭਾਗ ਨੂੰ ਗੰਨ ਕਲਚਰ ’ਤੇ ਕੰਟਰੋਲ ਦੇ ਲਈ ਰੈਡ ਫਲੈਗ ਕਾਨੂੰਨ ਲਾਗੂ ਕਰਨ ਦੇ ਲਈ 60 ਦਿਨ ਦੀ ਡੈਡਲਾਈਨ ਦਿੱਤੀ। ਇਸ ਦੇ ਜ਼ਰੀਏ ਕੋਰਟ ਵਿਚ ਪਟੀਸ਼ਨ ਲਾ ਕੇ ਉਸ ਵਿਅਕਤੀ ਨੂੰ ਬੰਦੂਕ ਹਾਸਲ ਕਰਨ ਤੋਂ ਰੋਕ ਦਿੱਤਾ ਜਾਵੇ ਜੋ ਖੁਦ ਜਾਂ ਦੂਜਿਆਂ ਦੇ ਲਈ ਖ਼ਤਰਾ ਹੈ।