ਅਮਰੀਕਾ ਵਿਚ ਲੂ ਦਾ ਕਹਿਰ, 7 ਲੋਕਾਂ ਦੀ ਮੌਤ

ਵਾਸ਼ਿੰਗਟਨ, 1 ਅਗਸਤ, ਹ.ਬ. : ਅਮਰੀਕਾ ਦੇ ਉਤਰ-ਪੂਰਬੀ ਖੇਤਰ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਇਸ ਨਾਲ ਪੋਰਟਲੈਂਡ ਦੇ ਓਰੇਗਨ ਸ਼ਹਿਰ ਦੇ ਕਈ ਇਲਾਕੇ ਪ੍ਰਭਾਵਿਤ ਹੋਏ। ਕਲਾਕਮਾਸ ਕਾਉਂਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਫਤੇ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਸਾਰੀਆਂ ਮੌਤਾਂ ਵਧਦੀ ਗਰਮੀ ਕਾਰਨ ਹੋਈਆਂ ਮੰਨੀਆਂ ਜਾ ਰਹੀਆਂ ਹਨ। ਅਮਰੀਕਾ ਦੇ ਰਾਸ਼ਟਰੀ ਮੌਸਮ ਵਿਭਾਗ ਨੇ ਪੋਰਟਲੈਂਡ ਅਤੇ ਸਿਆਟਲ, ਵਾਸ਼ਿੰਗਟਨ ਦੋਵਾਂ ’ਚ ਅਗਲੇ ਕੁਝ ਦਿਨਾਂ ਤੱਕ ਬਹੁਤ ਜ਼ਿਆਦਾ ਗਰਮੀ ਪੈਣ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਰਾਤ ਸਮੇਂ ਤਾਪਮਾਨ ਵਿੱਚ 21 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਹਫਤੇ ਦੇ ਅੰਤ ਤੱਕ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਓਰੇਗਨ, ਵਾਸ਼ਿੰਗਟਨ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਜੂਨ ਦੇ ਅਖੀਰ ਅਤੇ ਜੁਲਾਈ ਦੇ ਸ਼ੁਰੂ ਵਿੱਚ ਲਗਭਗ 800 ਮੌਤਾਂ ਹੋਈਆਂ ਹਨ। ਉਸ ਸਮੇਂ ਪੋਰਟਲੈਂਡ ਵਿੱਚ ਤਾਪਮਾਨ 46.7 ਡਿਗਰੀ ਸੈਲਸੀਅਸ ਦੇ ਰਿਕਾਰਡ ਉੱਚ ਪੱਧਰ ’ਤੇ ਪਹੁੰਚ ਗਿਆ ਸੀ। ਮਲਟਨੋਮਾਹ ਕਾਉਂਟੀ ਦੇ ਬੁਲਾਰੇ ਜੈਸਿਕਾ ਮੋਕਰਟ-ਸ਼ਿਬਲ ਨੇ ਕਿਹਾ ਕਿ ਸ਼ੁੱਕਰਵਾਰ ਰਾਤ ਤੱਕ ਲਗਭਗ 250 ਲੋਕਾਂ ਨੇ ਪੋਰਟਲੈਂਡ ਸ਼ਹਿਰਾਂ ਵਿੱਚ ਲਗਾਏ ਗਏ ਠੰਡੇ ਕੈਂਪਾਂ ਵਿੱਚ ਸ਼ਰਨ ਲਈ ਹੈ। ਪੋਰਟਲੈਂਡ ਵਿੱਚ ਇਸ ਹਫ਼ਤੇ ਤਾਪਮਾਨ 38.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਕੜਾਕੇ ਦੀ ਗਰਮੀ ਕਾਰਨ ਬਿਮਾਰੀਆਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ। ਇਸ ਲਈ ਲੋਕਾਂ ਨੂੰ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ, ਭਰਪੂਰ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ ਅਤੇ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਮਾਹਰਾਂ ਅਨੁਸਾਰ ਉੱਤਰ-ਪੂਰਬੀ ਖੇਤਰਾਂ ਵਿੱਚ ਮੌਸਮ ਵਿੱਚ ਤਬਦੀਲੀ ਕਾਰਨ ਗਰਮੀ ਦਾ ਪ੍ਰਕੋਪ ਵੱਧ ਰਿਹਾ ਹੈ।

Video Ad
Video Ad