ਔਟਵਾ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੀ ਤਰ੍ਹਾਂ ਹੀ ਕੈਨੇਡਾ ਵਿੱਚ ਵੀ ਏਸ਼ੀਆਈ ਮੂਲ ਦੇ ਲੋਕਾਂ ਨਾਲ ਨਸਲੀ ਹਮਲੇ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ। ਕੋਰੋਨਾ ਕਾਲ ਵਿੱਚ ਇੱਥੇ ਏਸ਼ੀਆਈ ਮੂਲ ਦੇ ਕੈਨੇਡੀਅਨ ਨਾਗਰਿਕਾਂ ਦੇ ਨਾਲ ਦੁਰਵਿਹਾਰ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਨੈਸ਼ਨਲ ਕੌਂਸਲ ਫਾਰ ਸੋਸ਼ਲ ਜਸਟਿਸ ਜਿਹੇ ਨਾਗਰਿਕ ਸਮੂਹਾਂ ਦੀ ਰਿਪੋਰਟ ਦੱਸਦੀ ਹੈ ਕਿ 10 ਮਾਰਚ 2020 ਤੋਂ 28 ਫਰਵਰੀ 2021 ਤੱਕ ਕੈਨੇਡਾ ਵਿੱਚ ਏਸ਼ੀਆਈ ਮੂਲ ਦੇ ਲੋਕਾਂ ਨਾਲ 1150 ਨਸਲੀ ਘਟਨਾਵਾਂ ਵਾਪਰੀਆਂ। ਇਨ੍ਹਾਂ ਵਿੱਚ ਸਰੀਰਕ ਹਮਲਿਆਂ ਤੋਂ ਇਲਾਵਾ, ਖੰਗਣਾ, ਥੁੱਕਣਾ ਅਤੇ ਭੱਦੀ ਸ਼ਬਦਾਵਲੀ ਵਰਤਣ ਤੱਕ ਦੇ ਮਾਮਲੇ ਸਾਹਮਣੇ ਆਏ। ਪਿਛਲੇ ਸਾਲ ਪੁਲਿਸ ਨੇ ਏਸ਼ੀਆਈ ਵਿਰੋਧੀ ਨਫ਼ਰਤੀ ਅਪਰਾਧ ਦੀਆਂ 98 ਘਟਨਾਵਾਂ ਦਰਜ ਕੀਤੀਆਂ, ਜੋ 2019 ਤੋਂ 12 ਜ਼ਿਆਦਾ ਹਨ। ਹਾਲਾਂਕਿ ਇਹ ਨਸਲੀ ਹਮਲੇ ਪਹਿਲਾਂ ਵੀ ਹੁੰਦੇ ਰਹੇ ਹਨ। ਸਾਲ 1907 ਵਿੱਚ ਵੈਨਕੁਵਰ ਅਤੇ ਉਸ ਦੇ ਨਜ਼ਦੀਕੀ ਜਪਾਨਟਾਊਨ ਵਿੱਚ ਪ੍ਰਵਾਸੀ ਵਿਰੋਧੀ ਕਾਨੂੰਨ ਦੇ ਖਿਲਾਫ਼ ਤਿੰਨ ਦਿਨ ਏਸ਼ੀਆਈ ਵਿਰੋਧੀ ਦੰਗੇ ਹੋਏ ਸਨ। ਤਦ ਏਸ਼ੀਆਈ ਬਾਈਕਾਟ ਲੀਗ ਦੇ ਮੁਖੀ ਦੀ ਅਗਵਾਈ ਵਿੱਚ ਦੰਗੇ ਭੜਕੇ ਸਨ।

ਕੈਨੇਡਾ ਵਿੱਚ ਏਸ਼ੀਆਈ ਇੰਮੀਗ੍ਰੇਸ਼ਨ ਦਾ ਇਤਿਹਾਸ ਓਨਾ ਹੀ ਨਸਲਵਾਦੀ ਰਿਹਾ, ਜਿੰਨਾ ਅਮਰੀਕਾ ਵਿੱਚ ਰਿਹਾ। ਕੈਨੇਡਾ ਵਿੱਚ 1923 ਤੋਂ 1947 ਤੱਕ ਚੀਨੀ ਬਾਈਕਾਟ ਕਾਨੂੰਨ ਤੋਂ ਬਾਅਦ ਚੀਨੀ ਪ੍ਰਵਾਸੀਆਂ ਦੇ ਰਾਹ ਬੰਦ ਕਰ ਦਿੱਤੇ। 1942 ਵਿੱਚ ਦੂਜੀ ਵਿਸ਼ਵ ਜੰਗ ਦੌਰਾਨ ਅਮਰੀਕਾ ਦੀ ਤਰ੍ਹਾਂ ਕੈਨੇਡਾ ਨੇ ਵੀ ਜਪਾਨੀ ਕੈਨੇਡੀਅਨ ਨਾਗਰਿਕਾਂ ਨੂੰ ਕੈਂਪਾਂ ਵਿੱਚ ਨਜ਼ਰਬੰਦ ਕਰ ਦਿੱਤਾ। ਅੱਜ ਵੀ ਸਭ ਤੋਂ ਗਰੀਬ ਤਬਕਾ ਏਸ਼ੀਆਈ ਮੂਲ ਦੇ ਲੋਕਾਂ ਦਾ ਹੀ ਮੰਨਿਆ ਜਾਂਦਾ ਹੈ।
