Home ਅਮਰੀਕਾ ਅਮਰੀਕੀ ਅਦਾਲਤ ਨੇ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਵਿਰੁੱਧ ਬੇਨਤੀ ਕੀਤੀ ਸਵੀਕਾਰ

ਅਮਰੀਕੀ ਅਦਾਲਤ ਨੇ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਵਿਰੁੱਧ ਬੇਨਤੀ ਕੀਤੀ ਸਵੀਕਾਰ

0
ਅਮਰੀਕੀ ਅਦਾਲਤ ਨੇ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਵਿਰੁੱਧ ਬੇਨਤੀ ਕੀਤੀ ਸਵੀਕਾਰ

ਲਾਸ ਏਂਜਲਸ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੀ ਇੱਕ ਅਦਾਲਤ ਨੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੇ ਭਾਰਤ ਵਿੱਚ ਉਸ ਦੀ ਹਵਾਲਗੀ ਵਿਰੁੱਧ ਇੱਕ ਵਧੀਕ ਜਵਾਬ ਦਾਖ਼ਲ ਕਰਨ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। ਰਾਣਾ ’ਤੇ ਮੁੰਬਈ ਵਿੱਚ 2008 ’ਚ ਹੋਏ ਅੱਤਵਾਦੀ ਹਮਲਿਆਂ ਵਿੱਚ ਸ਼ਮੂਲੀਅਤ ਦਾ ਦੋਸ਼ ਹੈ। ਰਾਣਾ ਨੂੰ ਭਾਰਤ ਦੇ ਹਵਾਲੇ ਕੀਤੇ ਜਾਣ ’ਤੇ ਸੁਣਵਾਈ 12 ਅਪ੍ਰੈਲ ਨੂੰ ਹੋਣੀ ਹੈ। ਭਾਰਤ ਨੇ ਉਸ ਨੂੰ ਭਗੌੜਾ ਐਲਾਨਿਆ ਹੋਇਆ ਹੈ। ਅਮਰੀਕਾ ਨੇ ਉਸ ਨੂੰ ਭਾਰਤ ਹਵਾਲੇ ਕਰਨ ਦੀ ਬੇਨਤੀ ਦਾ ਸਮਰਥਨ ਕੀਤਾ ਹੈ।
ਲਾਸ ਏਂਜਸਲ ਵਿੱਚ ਅਮਰੀਕੀ ਡਿਸਟ੍ਰਿਕਟ ਕੋਰਟ ਦੀ ਜੱਜ ਜੈਕਲੀਨ ਕੂਲਜੀਅਨ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਰਾਣਾ 5 ਅਪ੍ਰੈਲ ਤੋਂ ਪਹਿਲਾਂ ਜਵਾਬ ਦਾਖ਼ਲ ਕਰ ਸਕਦਾ ਹੈ, ਪਰ ਉਹ 20 ਤੋਂ ਵੱਧ ਸਫਿਆਂ (ਪੰਨਿਆਂ) ਦਾ ਨਹੀਂ ਹੋਣਾ ਚਾਹੀਦਾ। ਇੱਕ ਅਲੱਗ ਹੁਕਮ ਵਿੱਚ ਜੱਜ ਨੇ ਰਾਣਾ ਅਤੇ ਸਰਕਾਰ ਨੂੰ ਹਵਾਲਗੀ ਦੀ ਸੁਣਵਾਈ ਵਿੱਚ ਨਿੱਜੀ ਤੌਰ ’ਤੇ ਮੌਜੂਦ ਰਹਿਣ ਦੇ ਸਬੰਧ ਵਿੱਚ ਇੱਕ ਹਫ਼ਤੇ ਦੇ ਅੰਦਰ ਸਥਿਤੀ ਰਿਪੋਰਟ ਜਮ੍ਹਾ ਕਰਨ ਲਈ ਵੀ ਕਿਹਾ ਹੈ।
ਜੱਜ ਨੇ ਕਿਹਾ ਕਿ ਮੌਜੂਦਾ ਕਾਨੂੰਨ ਦੇ ਅਨੁਸਾਰ ਹਵਾਲਗੀ ਦੇ ਮਾਮਲਿਆਂ ਵਿੱਚ ਸੁਣਵਾਈ ਜਨਤਕ ਤੌਰ ’ਤੇ ਅਤੇ ਕਿਸੇ ਕਮਰੇ ਵਿੱਚ ਜਾਂ ਦਫ਼ਤਰ ਵਿੱਚ ਹੋ ਸਕਦੀ ਹੈ, ਜਿੱਥੋਂ ਤੱਕ ਜਨਤਾ ਆਸਾਨੀ ਨਾਲ ਪਹੁੰਚ ਸਕੇ। ਹਾਲਾਂਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਅਜੇ ਨਿੱਜੀ ਸੁਣਵਾਈ ਦੀ ਆਗਿਆ ਨਹੀਂ ਹੈ। ਜੱਜ ਨੇ ਕਿਹਾ ਕਿ ਅਦਾਲਤ ਨੂੰ ਅਜੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਕੀ ਰਾਣਾ ਨੂੰ ਨਿੱਜੀ ਸੁਣਵਾਈ ਤੋਂ ਛੋਟ ਦਿੱਤੀ ਜਾ ਸਕਦੀ ਹੈ ਜਾਂ ਨਹੀਂ। ਰਾਣਾ ਨੇ ਪਿਛਲੇ ਹਫ਼ਤੇ ਅਦਾਲਤ ਦਾ ਰੁਖ ਕਰਦੇ ਹੋਏ ਕਿਹਾ ਸੀ ਕਿ ਉਹ ਭਾਰਤ ਵਿੱਚ ਉਸ ਦੀ ਹਵਾਲਗੀ ਦਾ ਅਮਰੀਕੀ ਸਰਕਾਰ ਵੱਲੋਂ ਸਮਰਥਨ ਕਰਨ ਦੇ ਵਿਰੋਧ ਵਿੱਚ ਇੱਕ ਐਡੀਸ਼ਨਲ ਜਵਾਬ ਦਾਖ਼ਲ ਕਰਨਾ ਚਾਹੁੰਦਾ ਹੈ।