
ਵਾਸ਼ਿੰਗਟਨ, 24 ਮਾਰਚ, ਹ.ਬ. : ਬਾਈਡਨ ਪ੍ਰਸ਼ਾਸਨ ਨੇ ਅਮਰੀਕੀ ਫੈਡਰਲ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨੀ ਮੂਲ ਦੇ ਤਹੱਵੁਰ ਰਾਣਾ ਦੀ ਹਵਾਲਗੀ ਨਾਲ ਜੁੜੀ ਭਾਰਤ ਦੀ ਅਰਜ਼ੀ ’ਤੇ ਵਿਚਾਰ ਕਰੇ। ਤਹੱਵੁਰ ਰਾਣਾ 2008 ਵਿਚ ਹੋਏ ਮੁੰਬਈ ਅੱਤਵਾਦੀ ਹਮਲੇ ਦੀ ਸਾਜ਼ਿਸ਼ ਦਾ ਮੁੱਖ ਮੁਲਜ਼ਮ ਰਿਹਾ ਹੈ। ਲਾਸ ਏਂਜਲਸ ਵਿਚ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਜੈਕਲੀਨ 22 ਅਪ੍ਰੈਲ ਨੂੰ ਹਵਾਲਗੀ ਮਾਮਲੇ ਦੀ ਸੁਣਵਾਈ ਕਰਨਗੇ।
ਯੂਐਸ ਦੇ ਅਸਿਸਟੈਂਟ ਅਟਾਰਨੀ ਜੌਨ ਜੇ ਨੇ ਲਾਸ ਏਂਜਲਸ ਵਿਚ ਇੱਕ ਫੈਡਰਲ ਅਮਰੀਕੀ ਅਦਾਲਤ ਨੂੰ ਕਿਹਾ ਕਿ ਭਾਰਤ ਦੇ ਕੋਲ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਰਾਣਾ ਦੇ ਖ਼ਿਲਾਫ਼ ਅਪਣੇ ਮੁਕੱਦਮੇ ਦੇ ਲਈ ਹਵਾਲਗੀ ਸਬੰਧੀ ਸਾਰੇ ਮਾਨਦੰਡ ਹਨ। 4 ਫਰਵਰੀ ਨੂੰ ਰਾਣਾ ਦੇ ਵਕੀਲ ਨੇ ਉਨ੍ਹਾਂ ਦੀ ਹਵਾਲਗੀ ਦਾ ਵਿਰੋਧ ਵੀ ਕੀਤਾ ਸੀ। ਅਸਿਸਟੈਂਟ ਅਟਾਰਨੀ ਨੇ ਸੋਮਵਾਰ ਨੂੰ ਕੋਰਟ ਵਿਚ ਅਪਣੇ 61 ਪੇਜਾਂ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਸਨਮਾਨਪੂਰਵਕ ਅਪੀਲ ਕਰਦਾ ਹੈ ਕਿ 22 ਅਪ੍ਰੈਲ 2021 ਤੋਂ ਬਾਅਦ ਕੋਰਟ ਰਾਣਾ ’ਤੇ ਭਾਰਤ ਦੀ ਹਵਾਲਗੀ ਅਪੀਲ ਨੂੰ ਅੱਗੇ ਵਧਾਏ। ਦੱਸਦੇ ਚਲੀਏ ਕਿ ਮੁੰਬਈ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਵਿਚ ਸ਼ਾਮਲ ਤਹੱਵੁਰ ਰਾਣਾ ਨੂੰ ਅਮਰੀਕਾ ਦੇ ਲਾਸ ਏਂਜਲਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ੳਸ ਨੂੰ ਸ਼ਿਕਾਗੋ ਵਿਚ 14 ਸਾਲ ਦੀ ਸਜ਼ਾ ਹੋਈ ਸੀ ਲੇਕਿਨ ਕੋਰੋਨਾ ਹੋਣ ਕਾਰਨ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਰਿਹਾਅ ਕਰ ਦਿੱਤਾ ਸੀ। ਭਾਰਤ ਨੇ ਉਸ ਦੀ ਹਵਾਲਗੀ ਦੀ ਅਪੀਲ ਕੀਤੀ ਸੀ, ਇਸ ਲਈ ਜੂਨ 2020 ਵਿਚ ਉਸ ਨੂੰ ਮੁੜ ਤੋਂ ਗ੍ਰਿਫਤਾਰ ਕਰ ਲਿਆ ਗਿਆ।