ਲੁਧਿਆਣਾ, 2 ਮਈ, ਹ.ਬ. : ਲੁਧਿਆਣਾ ਦੀ ਇੱਕ ਅਦਾਲਤ ਨੇ ਨਿਰਮਾਤਾ ਇਮਤਿਆਜ਼ ਅਲੀ, ਅਦਾਕਾਰ ਦਿਲਜੀਤ ਦੋਸਾਂਝ, ਪਰਿਣੀਤੀ ਚੋਪੜਾ ਅਤੇ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਪਤਨੀ ਗੁਰਮੇਲ ਕੌਰ ਨੂੰ 3 ਮਈ ਨੂੰ ਪੇਸ਼ ਹੋਣ ਲਈ ਕਿਹਾ ਹੈ। ਦਰਅਸਲ ਅਮਰ ਸਿੰਘ ਚਮਕੀਲਾ ਬਾਇਓਪਿਕ ਫਿਲਮ ਦੇ ਪ੍ਰਸਾਰਣ ’ਤੇ ਰੋਕ ਲਗਾ ਦਿੱਤੀ ਗਈ ਹੈ। ਹੁਣ ਇਸ ਨੂੰ ਓਟੀਟੀ ਪਲੇਟਫਾਰਮ ’ਤੇ ਵੀ ਰਿਲੀਜ਼ ਨਹੀਂ ਕੀਤਾ ਜਾਵੇਗਾ। ਲੁਧਿਆਣਾ ਦੀ ਅਦਾਲਤ ਨੇ ਇਹ ਹੁਕਮ ਮਰਹੂਮ ਨਿਰਮਾਤਾ ਗੁਰਦੇਵ ਸਿੰਘ ਰੰਧਾਵਾ ਦੇ ਪੁੱਤਰ ਇਸ਼ਜੀਤ ਰੰਧਾਵਾ ਅਤੇ ਸੰਜੋਤ ਰੰਧਾਵਾ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਤਾ ਹੈ। ਚਮਕੀਲਾ ਦੀ ਪਤਨੀ ਗੁਰਮੇਲ ਕੌਰ ਨੇ 12 ਅਕਤੂਬਰ 2012 ਨੂੰ ਦੋਵੇਂ ਸ਼ਿਕਾਇਤਕਰਤਾਵਾਂ ਦੇ ਪਿਤਾ ਨੂੰ ਆਪਣੇ ਪਤੀ ਦੀ ਬਾਇਓਪਿਕ ਬਣਾਉਣ ਦੇ ਅਧਿਕਾਰ ਦਿੱਤੇ ਸਨ। ਉਨ੍ਹਾਂ ਨੂੰ 5 ਲੱਖ ਰੁਪਏ ਵੀ ਮਿਲੇ ਸੀ। ਬਾਇਓਪਿਕ ਬਣਾਉਣ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕੀਤਾ ਗਿਆ ਸੀ। 3 ਨਵੰਬਰ 2022 ਨੂੰ ਸ਼ਿਕਾਇਤਕਰਤਾ ਦੇ ਪਿਤਾ ਦੀ ਮੌਤ ਹੋ ਗਈ । ਜਦੋਂ ਪਟੀਸ਼ਨਰ ਨੇ ਬਾਇਓਪਿਕ ਬਣਾਉਣ ਲਈ ਪ੍ਰਬੰਧ ਕਰਨੇ ਸ਼ੁਰੂ ਕੀਤੇ ਅਤੇ ਗੁਰਮੇਲ ਕੌਰ ਨਾਲ ਸੰਪਰਕ ਕੀਤਾ ਤਾਂ ਉਹ ਕਿਸੇ ਨਾ ਕਿਸੇ ਬਹਾਨੇ ਮਾਮਲੇ ਨੂੰ ਟਾਲਦੀ ਰਹੀ। ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ’ਤੇ ਪਹਿਲਾਂ ਹੀ ਫਿਲਮ ਬਣ ਰਹੀ ਸੀ।