ਅਮਰੀਕਾ ਵਿਚ ਨਸਲੀ ਹਿੰਸਾ ਦੇ ਖ਼ਿਲਾਫ਼ ਪ੍ਰਦਰਸ਼ਨ

ਵਾਸ਼ਿੰਗਟਨ, 29 ਮਾਰਚ, ਹ.ਬ. : ਦੁਨੀਆ ਵਿਚ ਨਸਲੀ ਹਿੰਸਾ ਦੇ ਵੱਧ ਰਹੇ ਅਪਰਾਧ ਰੁਕਣ ਦਾ ਨਾਂ ਨਹੀਂ ਲੈ ਰਹੇ। ਇਸੇ ਤਰ੍ਹਾਂ ਅਮਰੀਕਾ ’ਚ ਨਸਲੀ ਹਿੰਸਾ ਦੇ ਮਾਮਲੇ ਵੱਧ ਰਹੇ ਹਨ। ਇਨ੍ਹਾਂ ਅਪਰਾਧਾਂ ਖ਼ਿਲਾਫ਼ ਸ਼ਿਕਾਗੋ ਅਤੇ ਨਿਊਯਾਰਕ ਵਿਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਸ਼ਿਕਾਗੋ ਦੇ ਚਾਈਨਾ ਟਾਊਨ ਚੌਕ ਵਿਚ ਨਸਲੀ ਭੇਦਭਾਵ ਅਤੇ ਅਪਰਾਧਾਂ ਖ਼ਿਲਾਫ਼ ਹਜ਼ਾਰਾਂ ਲੋਕ ਸੜਕ ’ਤੇ ਆ ਗਏ। ਇਨ੍ਹਾਂ ਸਾਰਿਆਂ ਦੇ ਹੱਥਾਂ ਵਿਚ ‘ਸਟਾਪ ਏਸ਼ੀਅਨ ਹੇਟ’, ‘ਜ਼ੀਰੋ ਟਾਲਰੈਂਸ ਫਾਰ ਰੇਸਿਜ਼ਮ’ ਲਿਖੇ ਨਾਅਰਿਆਂ ਦੀਆਂ ਤਖਤੀਆਂ ਫੜੀਆਂ ਹੋਈਆਂ ਸਨ। ਪ੍ਰਦਰਸ਼ਨਕਾਰੀਆਂ ਵਿਚ ਸਥਾਨਕ ਅਧਿਕਾਰੀ ਅਤੇ ਪੁਲਿਸ ਮੁਖੀ ਵੀ ਨਾਲ ਸਨ ਅਤੇ ਉਹ ਲੋਕਾਂ ਨੂੰ ਨਫ਼ਰਤੀ ਅਪਰਾਧ ਪ੍ਰਭਾਵੀ ਰੂਪ ਤੋਂ ਰੋਕਣ ਦਾ ਭਰੋਸਾ ਦੇ ਰਹੇ ਸਨ। ਦੱਸਣਯੋਗ ਹੈ ਕਿ 16 ਮਾਰਚ ਨੂੰ ਐਟਲਾਂਟਾ ਵਿਚ ਅੱਠ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਨ੍ਹਾਂ ਵਿੱਚੋਂ ਛੇ ਏਸ਼ਿਆਈ ਮੂਲ ਦੀਆਂ ਔਰਤਾਂ ਸਨ। ਇਸ ਦੇ ਬਾਅਦ ਲਗਾਤਾਰ ਕਈ ਘਟਨਾਵਾਂ ਹੋਈਆਂ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਸੁਰੱਖਿਆ ਵਧਾਉਣਾ, ਨਸਲੀ ਹਿੰਸਾ ਦੇ ਅਪਰਾਧਾਂ ਦੀ ਸ਼ਿਕਾਇਤ ਲਈ ਅਲੱਗ ਤੋਂ ਵੈਬਸਾਈਟ, ਹਿੰਸਾ ਪੀੜਤਾਂ ਲਈ ਫੰਡ, ਜੋ ਮਾਮਲੇ ਹਨ ਉਨ੍ਹਾਂ ’ਤੇ ਤੁਰੰਤ ਕਾਰਵਾਈ ਕਰਨਾ ਸੀ। ਨਿਊਯਾਰਕ ਵਿਚ ਵੀ ਨਸਲੀ ਹਿੰਸਾ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ 25 ਰਾਜਾਂ ਦੇ 60 ਤੋਂ ਜ਼ਿਆਦਾ ਸ਼ਹਿਰਾਂ ਦੇ ਲੋਕਾਂ ਦਾ ਪ੍ਰਤੀਨਿਧਤਵ ਸੀ। ਨਿਊਯਾਰਕ ਵਿਚ ਤਾਜ਼ਾ ਨਸਲੀ ਹਿੰਸਾ ਪਿੱਛੋਂ ਹੁਣ ਤਕ 10 ਤੋਂ ਜ਼ਿਆਦਾ ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ।

Video Ad
Video Ad