
ਨਿਊਯਾਰਕ, 8 ਅਪ੍ਰੈਲ, ਹ.ਬ. : ਫੋਬਰਸ ਦੀ ਸੂਚੀ ਮੁਤਾਬਕ ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਵਿਚ ਦੁਨੀਆ ਦੇ ਸਭ ਤੋਂ ਜ਼ਿਆਦਾ ਅਰਬਪਤੀ ਹਨ। ਸੂਚੀ ਅਨੁਸਾਰ ਪ੍ਰਸਿੱਧ ਕਾਰੋਬਾਰੀ ਮੁਕੇਸ਼ ਅੰਬਾਨੀ ਨੂੰ ਏਸ਼ੀਆ ਦਾ ਸਭ ਤੋਂ ਅਮੀਰ ਸ਼ਖਸ ਹੋਣ ਦਾ ਮਾਣ ਹਾਸਲ ਹੋਇਆ। ਉਨ੍ਹਾਂ ਨੇ ਚੀਨ ਦੇ ਅਰਬਪਤੀ ਅਤੇ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਨੂੰ ਪਛਾੜਦੇ ਹੋਏ ਇਹ ਨੰਬਰ ਹਾਸਲ ਕੀਤਾ। ਜੈਕ ਮਾ ਪਿਛਲੇ ਸਾਲ ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਰਹਿ ਚੁੱਕੇ ਹਨ।
ਫੋਬਰਸ ਵਲੋਂ ਜਾਰੀ 35ਵੀਂ ਸਾਲਾਨਾ ਵਿਸ਼ਵ ਅਰਬਪਤੀ ਸੂਚੀ ਵਿਚ ਅਮੇਜ਼ਨ ਦੇ ਮੁਖੀ ਜੈਫ ਬੇਜੋਸ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਹਨ। ਉਨ੍ਹਾਂ ਦੀ ਕੁਲ ਜਾÎਇਦਾਦ 177 ਅਰਬ ਡਾਲਰ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਿਚ 64 ਅਰਬ ਡਾਲਰ ਦਾ ਉਛਾਲ ਆਇਆ ਹੈ। ਦੂਜੇ ਨੰਬਰ ’ਤੇ ਸਪੇਸ ਐਕਸ ਦੇ ਸੰਸਥਾਪਕ ਐਲਨ ਮਸਕ ਹਨ। ਉਨ੍ਹਾਂ ਦੀ ਕੁਲ ਜਾਇਦਾਦ 151 ਅਰਬ ਡਾਲਰ ਤੋਂ ਜ਼ਿਆਦਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਿਚ 126.4 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਟੈਸਲਾ ਦੇ ਸ਼ੇਅਰਾਂ ਵਿਚ 705 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਣਾ ਹੈ। ਭਾਰਤ ਦੇ ਸਭ ਤੋਂ ਅਮੀਰ ਅਤੇ ਏਸ਼ੀਆ ਦੇ ਸਭ ਤੋਂ ਧਨੀ ਸ਼ਖ਼ਸ ਮੁਕੇਸ਼ ਅੰਬਾਨੀ ਨੂੰ ਕੌਮਾਂਤਰੀ ਅਰਬਪਤੀਆਂ ਦੀ ਸੂਚੀ ਵਿਚ ਦਸਵਾਂ ਸਥਾਨ ਮਿਲਿਆ ਹੈ। ਉਨ੍ਹਾਂ ਨੇ 84.5 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਫੋਬਰਸ ਦੀ ਭਾਰਤ ਦੀ ਅਮੀਰ ਅਰਬਪਤੀਆਂ ਦੀ ਸੂਚੀ ਵਿਚ ਸਭ ਤੋਂ ਉਚਾ ਸਥਾਨ ਪ੍ਰਾਪਤ ਕੀਤਾ ਜਦ ਕਿ ਅਡਾਨੀ ਸਮੂਹ ਦੇ ਮੁਖੀ ਗੌਤਮ ਅਡਾਨੀ ਦੂਜੇ ਸਥਾਨ ’ਤੇ ਰਹੇ।
ਭਾਰਤ ਦੇ ਦਸ ਅਰਬਪਤੀਆਂ ਵਿਚ ਡੀਐਮਆਰਟੀ ਦੇ ਸੰਸਥਾਪਕ ਰਾਧਾਕਿਸ਼ਨ ਦਮਾਨੀ, ਕੋਟਕ ਮਹਿੰਦਰਾ ਬੈਂਕ ਦੇ ਸੀਈਓ ਉਦੇ ਕੋਟਕ, ਆਦਿਤਿਆ ਬਿੜਲਾ ਸਮੂਹ ਦੇ ਮੁਖੀ ਕੁਮਾਰ ਮੰਗਲਮ ਬਿੜਲਾ, ਸਨ ਫਾਰਮਾਸਿਊਟਿਕਲਸ ਦੇ ਸੰਸਥਾਪਕ ਦਿਲੀਪ ਸ਼ਾਂਘਵੀ ਅਤੇ ਭਾਰਤੀ ਐਂਟਰਪ੍ਰਾਈਜ਼ਜ਼ ਦੇ ਸੰਸਥਾਪਕ ਸੁਨੀਲ ਮਿੱਤਲ ਸ਼ਾਮਲ ਹਨ। ਇਹ ਸਾਰੇ ਭਾਰਤ ਦੀ ਮਸ਼ਹੂਰ ਹਸਤੀਆਂ ਵਿਚ ਸ਼ਾਮਲ ਹਨ।
ਦੁਨੀਆ ਦੇ ਕਿਸੇ ਵੀ ਦੇਸ਼ ਦੀ ਤੁਲਨਾ ਵਿਚ ਸਭ ਤੋਂ ਜ਼ਿਆਦਾ ਅਰਬਪਤੀ (724) ਅਮਰੀਕਾ ਵਿਚ ਹਨ ਜੋ ਪਿਛਲੇ ਸਾਲ 614 ਸੀ। ਚੀਨ ਵਿਚ ਪਿਛਲੇ ਸਾਲ 456 ਅਰਬਪਤੀ ਸੀ ਜੋ ਇਸ ਸਾਲ 698 ਹੋ ਗਏ ਹਨ। ਭਾਰਤ 140 ਅਰਬਪਤੀਆਂ ਦੇ ਨਾਲ ਦੁਨੀਆ ਵਿਚ ਤੀਜਾ ਸਭ ਤੋਂ ਜ਼ਿਆਦਾ ਅਮੀਰ ਸ਼ਖਸੀਅਤਾਂ ਵਾਲਾ ਦੇਸ਼ ਹੈ। ਰੂਸ 117 ਅਰਬਪਤੀਆਂ ਦੇ ਨਾਲ ਪੰਜਵੇਂ ਨੰਬਰ ’ਤੇ ਹੈ।