
ਅਲਵਰ (ਰਾਜਸਥਾਨ), 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਰਾਜਸਥਾਨ ’ਚ ਅਲਵਰ ਦੇ ਪੁਲਿਸ ਥਾਣੇ ’ਚ ਔਰਤ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਸਬ ਇੰਸਪੈਕਟਰ ਭਰਤ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਘਟਨਾ ਕਾਰਨ ਰਾਜਸਥਾਨ ਸਰਕਾਰ ਦੀ ਕਾਫ਼ੀ ਥੂਹ-ਥੂਹ ਹੋਈ ਸੀ। ਕੇਸ ਦਰਜ ਹੋਣ ਦੇ 9 ਦਿਨ ਬਾਅਦ ਮੁਲਜ਼ਮ ਪੁਲਿਸ ਕਰਮੀ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਪੀੜਤਾ ਨੇ ਦੋਸ਼ ਲਾਇਆ ਸੀ ਕਿ ਪੁਲਿਸ ਕਰਮੀ ਭਰਤ ਸਿੰਘ ਨੇ ਉਸ ਨਾਲ ਥਾਣੇ ਵਿੱਚ ਹੀ ਤਿੰਨ ਦਿਨ ਬਲਾਤਕਾਰ ਕੀਤਾ ਸੀ। ਮਹਿਲਾ ਦੀ ਸ਼ਿਕਾਇਤ ’ਤੇ 7 ਮਾਰਚ ਨੂੰ ਦੋਸ਼ੀ ਪੁਲਿਸ ਕਰਮੀ ਵਿਰੁੱਧ ਸ਼ਿਕਾਇਤ ਦਰਜ ਕੀਤੀ ਗਈ ਸੀ। ਪੁਲਿਸ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਅਗਲੇ ਦਿਨ ਹੀ ਸਬ ਇੰਸਪੈਕਟਰ ਭਰਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ ਤੇ ਹੁਣ ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਪੀੜਤ ਔਰਤ ਨੇ ਦੋਸ਼ ਲਾਉਂਦਿਆਂ ਦੱਸਿਆ ਸੀ ਕਿ ਉਹ 7 ਮਾਰਚ ਨੂੰ ਅਲਵਰ ਦੇ ਖੇਡਲੀ ਥਾਣੇ ਵਿੱਚ ਆਪਣੇ ਪਤੀ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਗਈ ਸੀ, ਪਰ ਉੱਥੇ ਸਬ ਇੰਸਪੈਕਟਰ ਭਰਤ ਸਿੰਘ ਨੇ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਦੀ ਸ਼ਿਕਾਇਤ ਮਗਰੋਂ ਸਬ ਇੰਸਪੈਕਟਰ ਭਰਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਗਲੇ ਦਿਨ ਹੀ ਕੋਰਟ Îਵੱਚ ਪੇਸ਼ ਕੀਤਾ ਗਿਆ ਸੀ। ਕੋਰਟ ਨੇ ਉਸ ਨੂੰ ਨੌਕਰੀ ਤੋਂ ਮੁਅੱਤਲ ਕਰਦਿਆਂ ਜੇਲ੍ਹ ਭੇਜ ਦਿੱਤਾ ਸੀ, ਪਰ ਹੁਣ ਭਰਤ ਸਿੰਘ ਨੂੰ ਨੌਕਰੀ ’ਚੋਂ ਕੱਢ ਹੀ ਦਿੱਤਾ ਗਿਆ।