ਅਲੋਪ ਹੋ ਰਿਹਾ ਹੈ ਪੰਜਾਬੀ ਸੱਭਿਆਚਾਰ -ਆਓ ਜਾਣੀਏ ਕੀ ਹੁੰਦਾ ਹੈ ਅਟੇਰਨ

ਦੋਸਤੋਂ ਪੁਰਾਤਨ ਸੱਭਿਆਚਾਰ ਬਹੁਤ ਹੀ ਵਧੀਆ ਹੁੰਦਾ ਸੀ ਜੋ ਕਿ ਹੁਣ ਅਲਪ ਹੋ ਰਿਹਾ ਹੈ ।ਪੁਰਾਤਨ ਸੱਭਿਆਚਾਰਕ ਦੀਆਂ ਪੁਰਾਣੀਆਂ ਚੀਜ਼ਾਂ ਬਹੁਤ ਹੀ ਸੋਹਣੀਆਂ ਦਿਲ ਨੂੰ ਟੁੰਬ ਲੈਣ ਵਾਲ਼ੀਆਂ ਹੁੰਦੀਆਂ ਸਨ । ਪੁਰਾਣੇ ਸਮਿਆਂ ’ਚ ਪੰਜਾਬ ਦੇ ਹਰ ਘਰ ਵਿੱਚ ਹੁੰਦੀ ਸੀ ਇਹ ਚੀਜ਼ ਭਾਵ ਅਟੇਰਨ। ਪਰ ਹੁਣ ਮਸ਼ੀਨੀ ਦੌਰ ਵਿੱਚ ਇਹ ਚੀਜ਼ ਅਲੋਪ ਹੋ ਗਈ ਹੈ ।ਕਿਸੇ ਟਾਵੇਂ-ਟਾਵੇਂ ਦੇ ਘਰ ਹੀ ਦੇਖਣ ਨੂੰ ਮਿਲਦਾ ਹੈ ਅਟੇਰਨ।ਦੋਸਤੋ ਮੈਂ ਇਹ ਅਟੇਰਨ ਦਾ ਦ੍ਰਿਸ਼ ਖੁਦ ਆਪ ਅੱਖੀਂ ਦੇਖਿਆਂ ਹੈ ਜਦੋਂ ਮੇਰੇ ਦਾਦੀ ਜੀ ਸੂਤ ਨੂੰ ਅਟੇਰਦੇ ਸਨ ਤੇ ਮੈਨੂੰ ਬਹੁਤ ਚਾਅ ਚੜ੍ਹ ਜਾਂਦਾ ਸੀ ਜਦੋਂ ਦਾਦੀ ਜੀ ਅਟੇਰਨ ਨਾਲ ਸੂਤ ਦੇ ਗੋਲਿਆਂ ਨੂੰ ਅੱਟੀਆਂ ਵਿੱਚ ਤਬਦੀਲ ਕਰ ਦਿੰਦੇ ਸਨ।ਅਟੇਰਨ ਇੱਕ ਡਮਰੂ ਨੁਮਾ ਸ਼ਕਲ ਦਾ ਹੁੰਦਾ ਹੈ।ਗਲੌਟਿਆਂ ਦੇ ਸੂਤ ਨੂੰ ਅਟੇਰ ਕੇ ਅੱਟੀਆਂ ਬਣਾਉਣ ਲਈ ਵਰਤਿਆ ਜਾਂਦਾ ਇੱਕ ਸੰਦ ਹੁੰਦਾ ਹੈ।
ਅਟੇਰਨ ਆਮ ਤੌਰ ‘ਤੇ ਲੱਕੜ ਦਾ ਬਣਿਆ ਇੱਕ ਡਮਰੂ ਜਿਹਾ ਹੁੰਦਾ ਹੈ। ਇਸ ਅਟੇਰਨ ਨੂੰ ਹੀ ਅਟੇਰਨ ਵਾਲਾ ਵਿਅਕਤੀ ਖੱਬੇ ਹੱਥ ਵਿੱਚ ਫੜਦਾ ਹੈ ਤੇ ਗਲੋਟੇ ਦੀ ਤੰਦ ਕੱਢ ਕੇ ਅਟੇਰਨ ਦੇ ਇੱਕ ਸਿਰੇ ਉੱਤੇ ਚਿਪਕਾ ਕੇ ਸੂਤ ਨੂੰ ਦੋ ਜਾਂ ਤਿੰਨ ਧਾਗੇ ਜੋੜ ਕੇ ਦੋ ਲੜਾ, ਤਿੰਨ ਲੜਾ ਆਦਿ ਜ਼ਰੂਰਤ ਅਨੁਸਾਰ ਆਠੇ ਦੀ ਸ਼ਕਲ ਵਿੱਚ ਇਸ ਉੱਤੇ ਵਲੀ ਜਾਂਦੀ ਹੈ। ਅਟੇਰਨ ਉੱਤੋਂ ਲੱਥੇ ਇਸ ਗੁੱਛੇ ਨੂੰ ਅੱਟੀ ਕਿਹਾ ਜਾਂਦਾ ਹੈ। ਅਟੇਰਨ ਦਾ ਕੰਮ ਆਮ ਤੌਰ ‘ਤੇ ਔਰਤਾਂ ਕਰਦੀਆਂ ਹਨ। ਚਰਖੇ ’ਤੇ ਸੁਆਣੀਆਂ ਲੰਮੇ-ਲੰਮੇ ਤੰਦ ਪਾਉਂਦੀਆਂ ਗਲੋਟੇ ਲਾਉਂਦੀਆਂ। ਇੰਨਾ ਗਲੋਟਿਆਂ ਨੂੰ ਕੋਲ ਬੈਠੀ ਕੋਈ ਬਜ਼ੁਰਗ ਔਰਤ ਅਟੇਰਨ ਨਾਲ ਅਟੇਰਦੀ ਰਹਿੰਦੀ । ਅਟੇਰਨ ਉਹ ਸੰਦ ਹੈ ਜਿਸ ਨਾਲ ਸੂਤ ਦੇ ਗੋਲਿਆਂ ਨੂੰ ਅੱਟੀਆਂ ਵਿੱਚ ਤਬਦੀਲ ਕੀਤਾ ਜਾਂਦਾ ਹੈ । ਅਟੇਰਨ ਦਾ ਸ਼ਾਬਦਿਕ ਅਰਥ ਹੁੰਦਾ ਹੈ ਅਟਨ ਵਾਲਾ ਯੰਤਰ ਭਾਵ ਘੁੰਮਣ ਵਾਲਾ ਯੰਤਰ । ਸੁਆਣੀਆਂ ਅਟੇਰੇ ਹੋਏ ਸੂਤ ਨੂੰ ਆਪਣੇ ਮਨ ਪਸੰਦ ਦਾ ਰੰਗ ਦੇ ਕੇ ਰੰਗਦੀਆਂ ਜਿਸ ਤੋਂ ਦਰੀਆਂ ਖੇਸ ਟੋਟੇ, ਫੁਲਕਾਰੀਆਂ ਤੇ ਮੰਜੇ ਲਈ ਵਾਣ ਤਿਆਰ ਕੀਤਾ ਜਾਂਦਾ ਸੀ । ਪੰਜਾਬ ਦੇ ਪੁਰਾਣੇ ਲੋਕ ਆਪਣੇ ਕੱਪੜੇ ਵੀ ਸੂਤ ਤੋਂ ਘਰੇ ਬਣਾਏ ਖੱਦਰ ਨੂੰ ਰੰਗ ਕੇ ਹੀ ਸਿਲਾਈ ਕਰਕੇ ਪਾਉਂਦੇ ਸਨ ।ਤਾਣੀ ਨਾਲ ਖੇਸ, ਖੇਸੀਆਂ ਅਤੇ ਗਦੇਲੇ ਬੁਣੇ ਜਾਂਦੇ ਹਨ। ਅਟੇਰਨ ਦੀ ਵੀ ਇਸ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਕੱਤੀ ਹੋਈ ਰੂੰ ਦੇ ਗਲੋਟਿਆਂ ਨੂੰ ਅਟੇਰਨ ਨਾਲ ਅਟੇਰਿਆ ਜਾਂਦਾ ਹੈ, ਭਾਵ ਉਸ ਦੇ ਲੱਛੇ ਬਣਾ ਲਏ ਜਾਂਦੇ ਹਨ। ਫਿਰ ਉਹਨਾ ਦੀ ਰੰਗਾਈ ਕੀਤੀ ਜਾਂਦੀ ਹੈ। ਅਤੇ ਇਸ ਰੰਗੇ ਹੋਏ ਸੂਤ ਫਿਰ ਤਾਣੀ ਬੁਣਨ ਲਈ ਵਰਤਿਆ ਜਾਂਦਾ ਹੈ।ਸੂਤ ਅਟੇਰਨ ਦੀ ਕ੍ਰਿਆ ਵਿਚ ਸੂਤ ਨੂੰ ਘੁਮਾ ਕੇ (ਅਟੇਰ ਕੇ) ਅਟੇਰਨ ‘ਤੇ ਚੜ੍ਹਾਇਆ ਜਾਂਦਾ ਹੈ। ਅਟੇਰਨ ਦੀ ਕ੍ਰਿਆ ਦੇ ਨਤੀਜੇ ਵਜੋਂ ਸੂਤ ਦੀ ਅੱਟੀ ਸਾਹਮਣੇ ਆਉਂਦੀ ਹੈ। ਸਾਰਾ ਦਿਨ ਸੁਣਾਅੀਆਂ ਕੰਮ ਵਿੱਚ ਰੁੱਝੀਆਂ ਰਹਿੰਦੀਆਂ ਸਨ।ਪਰ ਅੱਜ ਇਹ ਸ਼ੌਕ ਇਹ ਕੰਮ ਬਿਲਕੁਲ ਖਤਮ ਹੁੰਦੇ ਜਾ ਰਹੇ ਹਨ।ਆਓ ਆਪਾ ਸਾਰੇ ਰਲ ਕੇ ਕੋਸ਼ਿਸ਼ ਕਰੀਏ ਕਿ ਇਹ ਪੁਰਾਤਨ ਚੀਜ਼ਾਂ ਨੂੰ ਸੰਭਾਲ਼ ਕੇ ਰੱਖ ਸਕੀਏ ਤਾਂ ਜੋ ਆਉਣ ਵਾਲੇ ਸਮੇਂ ਲਈ ਪੁਰਾਣੇ ਸੱਭਿਆਚਾਰ ਦੀ ਤਸ਼ਵੀਰ ਨੂੰ ਜਿਊਂਦਾ ਰੱਖ ਸਕੀਏ।
ਗਗਨਦੀਪ ਧਾਲੀਵਾਲ ਝਲੂਰ ਬਰਨਾਲਾ
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ।

Video Ad
Video Ad