ਅਸਦੁਦੀਨ ਓਵੈਸੀ ਨੇ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੁਰਾਕ ਲਈ

ਹੈਦਰਾਬਾਦ, 22 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਵਾਇਰਸ ਮਹਾਂਮਾਰੀ ਇਕ ਵਾਰ ਫਿਰ ਦੇਸ਼ ‘ਚ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਗਈ ਹੈ। ਕੋਰੋਨਾ ਦਾ ਟੀਕਾਕਰਨ ਵੀ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੁਰਾਕ ਲਈ ਹੈ। ਇਸ ਦੇ ਨਾਲ ਹੀ ਇਸ ਸੂਚੀ ‘ਚ ਹੈਦਰਾਬਾਦ ਦੇ ਸੰਸਦ ਮੈਂਬਰ ਅਤੇ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਿਮਿਨ (ਏਆਈਐਮਆਈਐਮ) ਦੇ ਪ੍ਰਧਾਨ ਅਸਦੁਦੀਨ ਓਵੈਸੀ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ।
ਅਸਦੁਦੀਨ ਓਵੈਸੀ ਨੇ ਸੋਮਵਾਰ ਨੂੰ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੁਰਾਕ ਲਈ। ਏਆਈਐਮਆਈਐਮ ਦੇ ਪ੍ਰਧਾਨ ਨੂੰ ਹੈਦਰਾਬਾਦ ਵਿਖੇ ਕੰਚਨਬਾਗ ਦੇ ਹਸਪਤਾਲ ਤੇ ਰਿਸਰਚ ਸੈਂਟਰ ‘ਚ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ। ਅਸਦੁਦੀਨ ਓਵੈਸੀ ਨੇ ਟਵੀਟ ਕਰਕੇ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲੈਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਹਾਲਾਂਕਿ ਓਵੈਸੀ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਕਿਹੜਾ ਕੋਰੋਨਾ ਟੀਕਾ ਲਗਵਾਇਆ ਹੈ।
ਏਆਈਐਮਆਈਐਮ ਦੇ ਮੁਖੀ ਅਤੇ ਹੈਦਰਾਬਾਦ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਟਵੀਟ ਕਰਕੇ ਟੀਕਾਕਰਨ ਲਈ ਯੋਗ ਲੋਕਾਂ ਨੂੰ ਛੇਤੀ ਤੋਂ ਛੇਤੀ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਟੀਕਾਕਰਣ ਤੁਹਾਨੂੰ ਕੋਰੋਨਾ ਤੋਂ ਬਚਾਉਣ ‘ਚ ਮਦਦ ਕਰਦਾ ਹੈ ਅਤੇ ਦੂਜਿਆਂ ਲਈ ਜ਼ੋਖ਼ਮ ਨੂੰ ਵੀ ਘਟਾਉਂਦਾ ਹੈ।
ਓਵੈਸੀ ਨੇ ਟਵੀਟ ‘ਚ ਲਿਖਿਆ, “ਮੈਂ ਅੱਜ ਕੋਰੋਨਾ ਦੇ ਟੀਕੇ ਦੀ ਪਹਿਲੀ ਖੁਰਾਕ ਲਈ ਹੈ। ਜਿਨ੍ਹਾਂ ਨੂੰ ਟੀਕਾ ਲੈਣ ਦੀ ਜ਼ਰੂਰਤ ਹੈ, ਉਨ੍ਹਾਂ ਨੂੰ, ਖ਼ਾਸਕਰ ਬਜ਼ੁਰਗਾਂ ਨੂੰ ਅਪੀਲ ਹੈ ਕਿ ਤੁਹਾਨੂੰ ਤੁਰੰਤ ਇਸ ਟੀਕੇ ਨੂੰ ਲਗਵਾ ਕੇ ਆਪਣੀ ਜਾਨ ਬਚਾਉਣੀ ਚਾਹੀਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਬਚਣਾ ਚਾਹੀਦਾ ਹੈ।”

Video Ad
Video Ad