Home ਭਾਰਤ ਅਸਾਮ : ਵੋਟਰ ਸੂਚੀ ‘ਚ ਸਿਰਫ਼ 90 ਨਾਮ ਸਨ, ਵੋਟਾਂ ਪਈਆਂ 171, ਪੰਜ ਅਧਿਕਾਰੀ ਮੁਅੱਤਲ

ਅਸਾਮ : ਵੋਟਰ ਸੂਚੀ ‘ਚ ਸਿਰਫ਼ 90 ਨਾਮ ਸਨ, ਵੋਟਾਂ ਪਈਆਂ 171, ਪੰਜ ਅਧਿਕਾਰੀ ਮੁਅੱਤਲ

0
ਅਸਾਮ : ਵੋਟਰ ਸੂਚੀ ‘ਚ ਸਿਰਫ਼ 90 ਨਾਮ ਸਨ, ਵੋਟਾਂ ਪਈਆਂ 171, ਪੰਜ ਅਧਿਕਾਰੀ ਮੁਅੱਤਲ

ਦਿਸਪੁਰ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਅਸਾਮ ‘ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਦੇ ਇਕ ਪੋਲਿੰਗ ਸਟੇਸ਼ਨ ‘ਤੇ ਵੱਡੀ ਗੜਬੜੀ ਦਾ ਖੁਲਾਸਾ ਹੋਇਆ ਹੈ। ਦਰਅਸਲ, ਇਸ ਬੂਥ ‘ਤੇ ਸਿਰਫ਼ 90 ਵੋਟਰ ਰਜਿਸਟਰਡ ਹਨ, ਪਰ ਕੁੱਲ 171 ਵੋਟਾਂ ਪਈਆਂ। ਸੋਮਵਾਰ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਇਹ ਪੋਲਿੰਗ ਸਟੇਸ਼ਨ ਹੈਫ਼ਲੋਂਗ ਵਿਧਾਨ ਸਭਾ ਹਲਕੇ ‘ਚ ਹੈ। ਇਸ ਥਾਂ ‘ਤੇ ਦੂਜੇ ਗੇੜ ‘ਚ 1 ਅਪ੍ਰੈਲ ਨੂੰ ਵੋਟਿੰਗ ਹੋਈ ਸੀ। ਦੱਸ ਦੇਈਏ ਕਿ ਹੈਫ਼ਲੋਂਗ ‘ਚ ਇਸ ਵਾਰ ਕੁਲ 74 ਫ਼ੀਸਦੀ ਵੋਟਿੰਗ ਹੋਈ ਹੈ।

ਉਨ੍ਹਾਂ ਦੱਸਿਆ ਕਿ ਇਸ ਗੜਬੜੀ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਨੇ ਪੋਲਿੰਗ ਸਟੇਸ਼ਨ ਦੇ 5 ਚੋਣ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਦੁਬਾਰਾ ਵੋਟਾਂ ਕਰਵਾਉਣ ਦਾ ਪ੍ਰਸਤਾਵ ਦਿੱਤਾ ਹੈ। ਇਹ ਪੋਲਿੰਗ ਸਟੇਸ਼ਨ ਖੋਟਲਿਰ ਐਲ.ਪੀ. ਸਕੂਲ ਦੇ 107 (ਏ) ‘ਚ ਸੀ।
ਹਾਲਾਂਕਿ ਇਸ ਪੋਲਿੰਗ ਸਟੇਸ਼ਨ ‘ਤੇ ਦੁਬਾਰਾ ਚੋਣਾਂ ਕਰਵਾਉਣ ਲਈ ਅਧਿਕਾਰਤ ਆਦੇਸ਼ ਜਾਰੀ ਨਹੀਂ ਕੀਤੇ ਗਏ ਹਨ। ਮੁਅੱਤਲੀ ਦਾ ਆਦੇਸ਼ ਦੀਮਾ ਹਸਾਓ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ 2 ਅਪ੍ਰੈਲ ਨੂੰ ਜਾਰੀ ਕੀਤੇ ਸਨ, ਪਰ ਇਹ ਆਦੇਸ਼ ਸੋਮਵਾਰ ਨੂੰ ਸਾਹਮਣੇ ਆਇਆ।

ਇਸ ਗੜਬੜੀ ਲਈ ਚੋਣ ਕਮਿਸ਼ਨ ਨੇ ਐਸ. ਲਾਂਗੁਮ (ਸੈਕਟਰ ਅਫਸਰ), ਪ੍ਰਹਿਲਾਦ ਸੀ. ਰਾਏ (ਪ੍ਰੀਜਾਈਡਿੰਗ ਅਫ਼ਸਰ), ਪਰਮੇਸ਼ਵਰ ਚਰੰਗਸਾ (ਪਹਿਲਾ ਵੋਟਿੰਗ ਅਫ਼ਸਰ), ਸਵਰਾਜ ਕਾਂਤੀ ਦਾਸ (ਦੂਜਾ ਵੋਟਿੰਗ ਅਫਸਰ) ਅਤੇ ਐਲ. ਥੀਕ (ਤੀਜਾ ਵੋਟਿੰਗ ਅਫ਼ਸਰ) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਅਧਿਕਾਰੀਆਂ ਨੇ ਨਿਊਜ਼ ਏਜੰਸੀ ਪੀਟੀਆਈ-ਭਾਸ਼ਾ ਨੂੰ ਦੱਸਿਆ ਕਿ ਪੋਲਿੰਗ ਸਟੇਸ਼ਨ ਲਈ ਵੋਟਰ ਸੂਚੀ ‘ਚ ਸਿਰਫ਼ 90 ਨਾਮ ਸਨ, ਪਰ ਈਵੀਐਮ ‘ਚ ਕੁਲ 171 ਵੋਟਾਂ ਪਈਆਂ। ਇਕ ਅਧਿਕਾਰੀ ਨੇ ਦੱਸਿਆ ਕਿ ਪਿੰਡ ਦੇ ਮੁਖੀ ਨੇ ਵੋਟਰ ਸੂਚੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਸੂਚੀ ਲੈ ਕੇ ਉੱਥੇ ਆ ਗਏ। ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਉਸੇ ਸੂਚੀ ਅਨੁਸਾਰ ਵੋਟ ਪਾਈ।
ਹਾਲਾਂਕਿ ਅਜੇ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋਇਆ ਹੈ ਕਿ ਚੋਣ ਅਧਿਕਾਰੀਆਂ ਨੇ ਪਿੰਡ ਦੇ ਮੁਖੀ ਦੀ ਮੰਗ ਨੂੰ ਸਵੀਕਾਰ ਕਿਉਂ ਕੀਤਾ ਅਤੇ ਸੁਰੱਖਿਆ ਕਰਮਚਾਰੀ ਉੱਥੇ ਤਾਇਨਾਤ ਸਨ ਜਾਂ ਨਹੀਂ ਜਾਂ ਇਸ ‘ਚ ਉਨ੍ਹਾਂ ਦੀ ਕੀ ਭੂਮਿਕਾ ਸੀ।