Home ਤਾਜ਼ਾ ਖਬਰਾਂ ਅਸੀਂ ਬੰਗਾਲ ‘ਚ ਬਾਹਰੀ ਗੁੰਡਿਆਂ ਨੂੰ ਚੋਣਾਂ ਨਹੀਂ ਲੜਨ ਦਿਆਂਗੇ : ਮਮਤਾ ਬੈਨਰਜੀ

ਅਸੀਂ ਬੰਗਾਲ ‘ਚ ਬਾਹਰੀ ਗੁੰਡਿਆਂ ਨੂੰ ਚੋਣਾਂ ਨਹੀਂ ਲੜਨ ਦਿਆਂਗੇ : ਮਮਤਾ ਬੈਨਰਜੀ

0
ਅਸੀਂ ਬੰਗਾਲ ‘ਚ ਬਾਹਰੀ ਗੁੰਡਿਆਂ ਨੂੰ ਚੋਣਾਂ ਨਹੀਂ ਲੜਨ ਦਿਆਂਗੇ : ਮਮਤਾ ਬੈਨਰਜੀ

ਬਾਂਕੁਰਾ, 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ‘ਚ ਪਹਿਲੇ ਗੇੜ ਦੀਆਂ ਚੋਣਾਂ 11 ਦਿਨ ਬਾਅਦ ਹੋਣ ਜਾ ਰਹੀਆਂ ਹਨ। ਪਹਿਲੇ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਬੰਗਾਲ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਚੋਣ ਮੀਟਿੰਗਾਂ ਕਰ ਰਹੀਆਂ ਹਨ। ਇਸੇ ਲੜੀ ‘ਚ ਮੰਗਲਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬਾਂਕੁਰਾ ‘ਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ, “ਮੈਂ ਰੋਜ਼ਾਨਾ 25 ਤੋਂ 30 ਕਿਲੋਮੀਟਰ ਤੁਰਦੀ ਹਾਂ, ਪਰ ਸੱਟ ਲੱਗਣ ਕਾਰਨ ਮੈਂ ਅੱਜ ਖੜ੍ਹ ਕੇ ਬੋਲ ਵੀ ਨਹੀਂ ਸਕਦੀ।” ਇਸ ਦੌਰਾਨ ਮਮਤਾ ਨੇ ਮੰਚ ‘ਤੇ ਦੁਰਗਾ ਪਾਠ ਵੀ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਮਤਾ ਨੇ ਨੰਦੀਗ੍ਰਾਮ ‘ਚ ਰੈਲੀ ਦੌਰਾਨ ਚੰਡੀ ਪਾਠ ਕੀਤਾ ਸੀ।
ਮਮਤਾ ਬੈਨਰਜੀ ਨੇ ਕਿਹਾ, “ਡਾਕਟਰਾਂ ਨੇ ਆਰਾਮ ਕਰਨ ਲਈ ਕਿਹਾ ਸੀ, ਪਰ ਮੈਂ ਨਹੀਂ ਰੁਕੀ। ਜੇ ਮੈਂ ਸੁੱਤੀ ਰਹੀ ਤਾਂ ਭਾਜਪਾ ਜਨਤਾ ਨੂੰ ਜਿਹੜਾ ਦੁੱਖ ਦੇਵੇਗੀ ਉਹ ਅਸਹਿਣਯੋਗ ਹੋਵੇਗਾ। ਭਾਜਪਾ ਜਾਣਦੀ ਹੈ, ਮਮਤਾ ਨੂੰ ਨਹੀਂ ਰੋਕਿਆ ਜਾ ਸਕਦਾ।” ਇਸ ਦੇ ਨਾਲ ਹੀ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਕੋਲਕਾਤਾ ‘ਚ ਬੈਠ ਕੇ ਸਾਜਿਸ਼ ਰਚਣ ਦਾ ਦੋਸ਼ ਲਗਾਇਆ।”
ਮਮਤਾ ਨੇ ਕੇਂਦਰ ਸਰਕਾਰ ‘ਤੇ ਮਦਦ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ, “ਕੋਰੋਨਾ ਤੇ ਅਮਫ਼ਾਨ ਦੌਰਾਨ ਕੇਂਦਰ ਸਰਕਾਰ ਨੇ ਸਾਡੀ ਮਦਦ ਨਹੀਂ ਕੀਤੀ। ਅਸੀਂ ਬਾਹਰੀ ਗੁੰਡਿਆਂ ਨੂੰ ਬੰਗਾਲ ‘ਚ ਚੋਣ ਲੜਨ ਨਹੀਂ ਦਿਆਂਗੇ। ਭਾਜਪਾ ਜ਼ੋਰ-ਜ਼ਬਰਦਸਤੀ ਨਾਲ ਬੰਗਾਲ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਗ੍ਰਹਿ ਮੰਤਰੀ ਦੇਸ਼ ਨੂੰ ਚਲਾਉਣਗੇ ਜਾਂ ਇਹ ਤੈਅ ਕਰਨਗੇ ਕਿ ਕਿਸ ਨੂੰ ਮਾਰਨਾ ਹੈ ਅਤੇ ਕਿਸ ਨੂੰ ਗ੍ਰਿਫ਼ਤਾਰ ਕਰਨਾ ਹੈ? ਜਾਂ ਉਹ ਫ਼ੈਸਲਾ ਲੈਣਗੇ ਕਿ ਕਿਸ ਏਜੰਸੀ ਨੂੰ ਕਿਸ ਦੇ ਪਿੱਛੇ ਲਗਾਉਣਾ ਹੈ? ਚੋਣ ਕਮਿਸ਼ਨ ਕੌਣ ਚਲਾ ਰਿਹਾ ਹੈ?”
‘ਭਾਜਪਾ ਪੈਸੇ ਦੇ ਕੇ ਲੋਕਾਂ ਨੂੰ ਰੈਲੀ ‘ਚ ਬੁਲਾ ਰਹੀ ਹੈ’
ਮਮਤਾ ਨੇ ਦੋਸ਼ ਲਾਇਆ ਕਿ ਭਾਜਪਾ ਦੀ ਰੈਲੀ ‘ਚ ਲੋਕ ਨਹੀਂ ਜਾ ਰਹੇ ਹਨ। ਇਸ ਲਈ ਲੋਕਾਂ ਨੂੰ ਪੈਸੇ ਦੇ ਕੇ ਰੈਲੀ ‘ਚ ਬੁਲਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਚ ਸ਼ਾਹ ਨੂੰ ਬੰਗਾਲ ਦੀ ਬਜਾਏ ਸਾਰੇ ਦੇਸ਼ ‘ਤੇ ਧਿਆਨ ਦੇਣਾ ਚਾਹੀਦਾ ਹੈ। ਮਮਤਾ ਨੇ ਕਿਹਾ, “ਜੇ ਭਾਜਪਾ ਵਾਲੇ ਤੁਹਾਨੂੰ ਪੈਸਾ ਦਿੰਦੇ ਹਨ ਅਤੇ ਰੈਲੀ ‘ਚ ਆਉਣ ਲਈ ਕਹਿੰਦੇ ਹਨ ਤਾਂ ਪੈਸੇ ਲੈ ਲਓ ਪਰ ਵੋਟ ਸਿਰਫ਼ ਟੀ.ਐਮ.ਸੀ. ਨੂੰ ਹੀ ਦਿਓ।”
‘ਜਿਹੜਾ ਵੀ ਸਾਡੇ ਨਾਲ ਟਕਰਾਏਗਾ, ਚੂਰ-ਚੂਰ ਹੋ ਜਾਵੇਗਾ’
ਉਨ੍ਹਾਂ ਕਿਹਾ ਕਿ ਅਸੀਂ ਸਰਕਾਰੀ ਕੰਪਨੀਆਂ ਨੂੰ ਬੰਦ ਨਹੀਂ ਹੋਣ ਦਿਆਂਗੇ। ਅਸੀਂ ਬੀਐਸਐਨਐਲ, ਬੈਂਕ, ਕੋਲਾ, ਏਅਰ ਇੰਡੀਆ ਨੂੰ ਬੰਦ ਨਹੀਂ ਹੋਣ ਦਿਆਂਗੇ। ਭਾਜਪਾ ਜੋ ਵੀ ਕਰ ਲਵੇ, ਅਸੀਂ ਉਸ ਨੂੰ ਬੰਗਾਲ ‘ਚ ਜਿੱਤਣ ਨਹੀਂ ਦਿਆਂਗੇ। ਜਿਹੜਾ ਵੀ ਸਾਡੇ ਨਾਲ ਟਕਰਾਏਗਾ, ਚੂਰ-ਚੂਰ ਹੋ ਜਾਵੇਗਾ।