ਅਫ਼ਗਾਨਿਸਤਾਨ ‘ਚ ਭੂਚਾਲ ਨੇ ਮਚਾਈ ਤਬਾਹੀ, 1000 ਤੋਂ ਵੱਧ ਮੌਤਾਂ

ਕਾਬੁਲ, 22 ਜੂਨ (ਵਿਸ਼ੇਸ਼ ਪ੍ਰਤੀਨਿਧ) : ਅਫ਼ਗਾਨਿਸਤਾਨ ਵਿਚ ਅੱਜ ਵੱਡੇ ਤੜਕੇ ਆਏ ਭੂਚਾਲ ਨੇ ਤਬਾਹੀ ਮਚਾ ਦਿਤੀ। ਹੁਣ ਤੱਕ ਇਕ ਹਜ਼ਾਰ ਤੋਂ ਵੱਧ ਮੌਤਾਂ ਹੋਣ ਦੀ ਰਿਪੋਰਟ ਹੈ ਜਦਕਿ ਹਜ਼ਾਰਾਂ ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ। ਭੂਚਾਲ ਦਾ ਅਸਰ ਅਫ਼ਗਾਨਿਸਤਾਨ ਤੋਂ ਲੈ ਕੇ ਭਾਰਤ ਤੱਕ 500 ਕਿਲੋਮੀਟਰ ਦੇ ਇਲਾਕੇ ਵਿਚ ਮਹਿਸੂਸ ਕੀਤਾ ਗਿਆ ਅਤੇ ਇਸ ਦਾ ਕੇਂਦਰ ਖੋਸਤ ਸ਼ਹਿਰ ਤੋਂ 40 ਕਿਲੋਮੀਟਰ ਦੂਰ ਸੀ। ਅਮਰੀਕਾ ਦੇ ਜੀਓਲਾਜੀਕਲ ਸਰਵੇ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.1 ਮਾਪੀ ਗਈ। ਅਫ਼ਗਾਨ ਸਰਕਾਰ ਦੇ ਬੁਲਾਰੇ ਬਿਲਾਲ ਕਰੀਮੀ ਨੇ ਟਵੀਟ ਕਰਦਿਆਂ ਕਿਹਾ ਕਿ ਬਦਕਿਸਮਤੀ ਨਾਲ ਕਲ੍ਹ ਰਾਤ ਪਕਤਿਕਾ ਸੂਬੇ ਦੇ ਚਾਰ ਜ਼ਿਲ੍ਹਿਆਂ ਵਿਚ ਜ਼ਬਰਦਸਤ ਭੂਚਾਲ ਆਇਆ ਜਿਸ ਕਾਰਨ ਸੈਂਕੜੇ ਲੋਕ ਮਾਰੇ ਗਏ ਅਤੇ ਵੱਡੀ ਗਿਣਤੀ ਵਿਚ ਜ਼ਖ਼ਮੀ ਹੋ ਗਏ। ਅਫ਼ਗਾਨਿਸਤਾਨ ਸਰਕਾਰ ਦੁਨੀਆਂ ਦੀਆਂ ਸਾਰੀਆਂ ਐਮਰਜੰਸੀ ਸਹਾਇਤਾ ਏਜੰਸੀਆਂ ਨੂੰ ਅਪੀਲ ਕਰਦੀ ਹੈ ਕਿ ਰਾਹਤ ਕਾਰਜਾਂ ਲਈ ਟੀਮਾ ਭੇਜੀਆਂ ਜਾਣ। ਪਕਤਿਕਾ ਸੂਬੇ ਦੇ ਬਰਮਲ, ਜੀਰੂਕ, ਨਾਕਾ ਅਤੇ ਗਿਆਨ ਜ਼ਿਲ੍ਹਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਇਕ ਹਜ਼ਾਰ ਤੋਂ ਟੱਪ ਚੁੱਕੀ ਹੈ। ਮਲਬੇ ਹੇਠ ਦਬੇ ਲੋਕਾਂ ਨੂੰ ਬਾਹਰ ਕੱਢਣ ਲਈ ਹੈਲੀਕਾਪਟਰ ਪਹੁੰਚ ਚੁੱਕੇ ਹਨ ਪਰ ਇਲਾਕਾ ਬਹੁਤ ਵੱਡਾ ਹੋਣ ਕਾਰਨ ਰਾਹਤ ਕਾਰਜਾਂ ਵਿਚ ਦੇਰ ਹੋ ਰਹੀ ਹੈ। ਅਫ਼ਗਾਨਿਸਤਾਨ ਦੇ ਖੋਸਤ ਅਤੇ ਪਕਤਿਕਾ ਰਾਜਾਂ ਵਿਚ ਭੂਚਾਲ ਅਜਿਹੇ ਸਮੇਂ ਆਇਆ ਜਦੋਂ ਲੋਕ ਗੂੜ੍ਹੀ ਨੀਂਦ ਵਿਚ ਸਨ ਅਤੇ ਕੱਚੇ ਮਕਾਨਾਂ ਦੇ ਢਹਿਣ ਕਾਰਨ ਜ਼ਿਆਦਾ ਜਾਨੀ ਨੁਕਸਾਨ ਹੋਇਆ ਜਿਨ੍ਹਾਂ ਵਿਚ ਪੱਥਰਾਂ ਦੀ ਚਿਣਾਈ ਵਾਸਤੇ ਗਾਰੇ ਦੀ ਵਰਤੋਂ ਕੀਤੀ ਗਈ ਸੀ। ਯੂਰਪੀ ਮੈਡੀਟੇਰੀਅਨ ਸੀਸਮੋਲੌਜੀਕਲ ਸੈਂਟਰ ਦੀ ਰਿਪੋਰਟ ਮੁਤਾਬਕ ਭੂਚਾਲ ਦੇ ਝਟਕੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਅਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੱਕ ਮਹਿਸੂਸ ਕੀਤੇ ਗਏ। ਇਸੇ ਦੌਰਾਨ ਸੰਯੁਕਤ ਰਾਸ਼ਟਰ ਵਿਚ ਅਫ਼ਗਾਨਿਸਤਾਨ ਦੇ ਕੋਆਰਡੀਨੇਟਰ ਰਮੀਜ਼ ਅਲਕਬਾਰੋਵ ਨੇ ਦੱਸਿਆ ਕਿ ਜਲਦ ਤੋਂ ਜਲਦ ਸਹਾਇਤਾ ਪੁਜਦੀ ਕੀਤੀ ਜਾ ਰਹੀ ਹੈ। ਉਧਰ ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਇਸਲਾਮਾਬਾਦ, ਪੇਸ਼ਾਵਰ, ਰਾਵਲਪਿੰਡੀ ਅਤੇ ਮੁਲਤਾਨ ਵਿਚ ਵੀ ਭੂਚਾਲ ਦੇ ਵੱਡੇ ਝਟਕੇ ਮਹਿਸੂਸ ਕੀਤੇ ਗਏ। ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਪਾਕਿਸਤਾਨ ਦੇ ਕੁਝ ਇਲਾਕਿਆਂ ਵਿਚ ਨੁਕਸਾਨ ਹੋਣ ਦੀ ਰਿਪੋਰਟ ਹੈ ਪਰ ਅਸਲ ਹਾਲਾਤ ਸਾਹਮਣੇ ਨਹੀਂ ਆ ਸਕੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅਫ਼ਗਾਨਿਸਤਾਨ ਵਿਚ ਹੋਈਆਂ ਮੌਤਾਂ ‘ਤੇ ਡੂੰਘਾ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਗੁਆਂਢੀ ਮੁਲਕ ਵਾਸਤੇ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ। ਪਾਕਿਸਤਾਨ ਵਿਚ 17 ਜੂਨ ਨੂੰ 5.2 ਤੀਬਰਤਾ ਵਾਲਾ ਭੂਚਾਲ ਆਇਆ ਸੀ ਜਦਕਿ 21 ਜੂਨ ਨੂੰ ਅਫ਼ਗਾਨਿਸਤਾਨ ਦੇ ਕਾਲਾਅਫ਼ਗਾਨਾ ਵਿਖੇ 4.2 ਤੀਬਰਤਾ ਵਾਲਾ ਭੂਚਾਲ ਆਇਆ। ਇਸ ਤੋਂ ਇਲਾਵਾ ਗੁਆਂਢੀ ਮੁਲਕ ਤਜਾਕਿਸਤਾਨ ਵਿਖੇ 17 ਜੂਨ ਨੂੰ 4.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚੇਤੇ ਰਹੇ ਕਿ ਸਾਲ 2005 ਵਿਚ ਅਫ਼ਗਾਨਿਸਤਾਨ ਵਿਖੇ ਆਏ ਤਬਾਹਕੁੰਨ ਭੂਚਾਲ ਦੌਰਾਨ 74 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

Video Ad
Video Ad