Home ਭਾਰਤ ਅੰਬਾਲਾ : ਕਰਮਵੀਰ ਕਤਲ ਕੇਸ ’ਚ ਪਿਓ-ਪੁੱਤ ਨੂੰ ਉਮਰਕੈਦ

ਅੰਬਾਲਾ : ਕਰਮਵੀਰ ਕਤਲ ਕੇਸ ’ਚ ਪਿਓ-ਪੁੱਤ ਨੂੰ ਉਮਰਕੈਦ

0
ਅੰਬਾਲਾ : ਕਰਮਵੀਰ ਕਤਲ ਕੇਸ ’ਚ ਪਿਓ-ਪੁੱਤ ਨੂੰ ਉਮਰਕੈਦ

ਅੰਬਾਲਾ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਅਮੀਪੁਰ ’ਚ 2018 ’ਚ ਹੋਏ ਇੱਕ ਕਤਲ ਮਾਮਲੇ ਵਿੱਚ ਅਦਾਲਤ ਨੇ ਪਿਓ-ਪੁੱਤ ਨੂੰ ਉਮਰਕੈਦ ਦੀ ਸਜ਼ਾ ਸੁਣਾਈ। ਨਾਲ ਹੀ ਇਸ ਮਾਮਲੇ ਵਿੱਚ ਦੋਵਾਂ ਦੋਸ਼ੀਆਂ ਨੂੰ 10-10 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਤੇ ਪੀੜਤ ਪਰਿਵਾਰ ਨੂੰ 50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦੇਣ ਦੇ ਹੁਕਮ ਵੀ ਦਿੱਤੇ। ਅਦਾਲਤ ਨੇ ਇਸ ਕੇਸ ’ਚ 15 ਗਵਾਹਾਂ ਦੇ ਬਿਆਨ ਦਰਜ ਕੀਤੇ ਸਨ। ਇਸ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ।
ਜਾਣਕਾਰੀ ਅਨੁਸਾਰ 2018 ਵਿੱਚ ਪਿੰਡ ਅਮੀਪੁਰ ਦੇ ਵਾਸੀ ਸਵਰਨ ਸਿੰਘ ਤੇ ਉਸ ਦੇ ਪੁੱਤਰ ਸਾਹਿਲ ਦਾ ਪਿੰਡ ਦੇ ਹੀ ਵਾਸੀ ਕਰਮਵੀਰ ਸਿੰਘ ਨਾਲ ਝਗੜਾ ਹੋ ਗਿਆ ਸੀ। ਇਸੇ ਦੌਰਾਨ ਉਹ ਆਪਸ ਵਿੱਚ ਲੜ ਪਏ ਤੇ ਕਰਮਵੀਰ ਨੂੰ ਚਾਕੂ ਲੱਗੇ, ਜਿਨ੍ਹਾਂ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਨੇ ਦਮ ਤੋੜ ਦਿੱਤਾ।
ਮ੍ਰਿਤਕ ਦੇ ਭਰਾ ਦਲੇਰ ਸਿੰਘ ਨੇ ਪੁਲਿਸ ਕੋਲ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਸਵਰਨ ਸਿੰਘ ਤੇ ਕਰਮਵੀਰ ਸਿੰਘ ਦੋ ਝੋਟੇ ਆਪਸ ਵਿੱਚ ਭਿੜ ਗਏ ਸਨ। ਇਸ ਦੌਰਾਨ ਸਵਰਨ ਸਿੰਘ ਜ਼ਖਮੀ ਹੋ ਗਿਆ ਸੀ। ਦਲੇਰ ਸਿੰਘ ਨੇ ਦੋਸ਼ ਲਾਇਆ ਕਿ ਇਸੇ ਗੱਲ ਦੀ ਰੰਜਿਸ਼ ਰੱਖਦੇ ਹੋਏ ਸਵਰਨ ਸਿੰਘ ਤੇ ਉਸ ਦੇ ਪੁੱਤਰ ਸਾਹਿਲ ਨੇ ਕਰਮਵੀਰ ’ਤੇ ਉਸ ਵੇਲੇ ਚਾਕੂ ਨਾਲ ਹਮਲਾ ਕਰ ਦਿੱਤਾ, ਜਦੋਂ ਉਹ ਰੇਹੜਾ ਲੈ ਕੇ ਆਪਣੇ ਖੇਤਾਂ ਵੱਲ ਜਾ ਰਿਹਾ ਹੈ। ਇਸ ਦੌਰਾਨ ਕਰਮਵੀਰ ਗੰਭੀਰ ਜ਼ਖਮੀ ਹੋ ਗਿਆ ਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਕਰਮਵੀਰ ਦੇ ਭਰਾ ਦਲੇਰ ਸਿੰਘ ਦੀ ਸ਼ਿਕਾਇਤ ’ਤੇ ਦੋਵਾਂ ਪਿਓ-ਪੁੱਤਰ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ।
ਸ਼ਿਕਾਇਤਕਰਤਾ ਧਿਰ ਵੱਲੋਂ ਐਡਵੋਕੇਟ ਅਨਿਲ ਕੌਸ਼ਿਕ ਅਤੇ ਅਮਿਤ ਸ਼ਰਮਾ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਿਆ।
ਇਸ ਤਰ੍ਹਾਂ ਲਗਭਗ ਤਿੰਨ ਸਾਲ ਬਾਅਦ ਅਦਾਲਤ ਨੇ ਦੋਵਾਂ ਪਿਓ-ਪੁੱਤਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰਕੈਦ ਦੀ ਸਜ਼ਾ ਸੁਣਾਈ।