
ਅੰਮ੍ਰਿਤਸਰ, 13 ਅਗਸਤ, ਹ.ਬ. : ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਮਿਲੀ ਢਾਈ ਸਾਲਾ ਦੀਪਜੋਤ ਦਾ ਉਸ ਦੀ ਮਾਂ ਮਨਿੰਦਰ ਕੌਰ ਨੇ ਕਤਲ ਕਰ ਦਿੱਤਾ ਸੀ। ਅੰਮ੍ਰਿਤਸਰ ਤੋਂ ਭੱਜ ਕੇ ਮਨਿੰਦਰ ਰਾਜਪੁਰਾ ਪਹੁੰਚੀ ਅਤੇ ਬੇਟੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਰਾਜਪੁਰਾ ਪੁਲਸ ਨੂੰ ਸ਼ੱਕ ਹੋ ਗਿਆ ਅਤੇ ਮਨਿੰਦਰ ਨੂੰ ਫੜ ਲਿਆ ਗਿਆ। ਦੇਰ ਰਾਤ ਪੁਲਿਸ ਮਨਿੰਦਰ ਨੂੰ ਅੰਮ੍ਰਿਤਸਰ ਲੈ ਆਈ।
ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਨਿੰਦਰ ਦਾ ਪਤੀ ਕੁਲਵਿੰਦਰ ਗੁਰੂਗ੍ਰਾਮ ਵਿੱਚ ਇੱਕ ਮਾਰੂਤੀ ਕੰਪਨੀ ਵਿੱਚ ਕੰਮ ਕਰਦਾ ਹੈ। ਪਤੀ ਨੂੰ ਮਨਿੰਦਰ ਦੇ ਚਰਿੱਤਰ ’ਤੇ ਸ਼ੱਕ ਸੀ। ਜਿਸ ਕਾਰਨ ਉਹ ਹਰ ਰੋਜ਼ ਮਨਿੰਦਰ ਨਾਲ ਝਗੜਾ ਕਰਦਾ ਸੀ। ਘਟਨਾ ਤੋਂ ਦੋ ਦਿਨ ਪਹਿਲਾਂ ਮਨਿੰਦਰ ਹਰਿਆਣਾ ਦੇ ਯਮੁਨਾਨਗਰ ਤੋਂ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਆਈ ਸੀ। ਢਾਈ ਸਾਲ ਦੀ ਬੇਟੀ ਦੀਪਜੋਤ ਨਾਲ 8 ਸਾਲ ਦਾ ਬੇਟਾ ਵੀ ਸੀ। ਪਤੀ ਕੁਲਵਿੰਦਰ ਨੇ ਯਮੁਨਾਨਗਰ ਥਾਣੇ ਨੂੰ ਸ਼ਿਕਾਇਤ ਦਿੱਤੀ। ਵੀਰਵਾਰ ਦੁਪਹਿਰ ਨੂੰ ਮਨਿੰਦਰ ਨੇ ਅੰਮ੍ਰਿਤਸਰ ’ਚ ਆਪਣੀ ਧੀ ਨੂੰ ਜ਼ਹਿਰ ਦੇ ਕੇ ਹਰਿਮੰਦਰ ਸਾਹਿਬ ਦੇ ਘੰਟਾਘਰ ਨੇੜੇ ਟੋਲ ਪਲਾਜ਼ਾ ’ਤੇ ਛੱਡ ਦਿੱਤਾ।