ਅੰਮ੍ਰਿਤਸਰ : ਸਿੱਖ ਨੌਜਵਾਨ ਨੂੰ ਕੇਸਾਂ ਤੋਂ ਫੜ ਕੇ ਘੜੀਸਿਆ, ਕੀਤੀ ਕੁੱਟਮਾਰ

ਅੰਮ੍ਰਿਤਸਰ, 24 ਜੂਨ, ਹ.ਬ. : ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ’ਚ ਪੈਸੇ ਵਾਪਸ ਮੰਗਣ ’ਤੇ ਇਕ ਸਿੱਖ ਨੌਜਵਾਨ ਨੂੰ ਪਹਿਲਾਂ ਕੁੱਟਿਆ ਗਿਆ ਅਤੇ ਫਿਰ ਜੁੱਤੀ ਨਾਲ ਪਾਣੀ ਪਿਲਾਇਆ ਗਿਆ। ਮਾਮਲੇ ਦੀ ਸ਼ਿਕਾਇਤ ਥਾਣਾ ਜੰਡਿਆਲਾਗੁਰੂ ਪੁੱਜੀ ਤਾਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਜੰਡਿਆਲਾਗੁਰੂ ਦਾ ਰਹਿਣ ਵਾਲਾ ਸੁੱਖਾ ਸਿੰਘ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਸੁੱਖਾ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਸੇ ਪਿੰਡ ਦੇ ਇੱਕ ਪਰਿਵਾਰ ਨੇ ਉਸ ਤੋਂ 2.50 ਲੱਖ ਰੁਪਏ ਉਧਾਰ ਲਏ ਸਨ। ਪਹਿਲਾਂ ਪਰਿਵਾਰ ਨੇ ਉਸ ਨਾਲ ਨੇੜਤਾ ਵਧਾਈ ਅਤੇ ਫੇਰ ਉਸ ਨੂੰ ਅੰਮ੍ਰਿਤਸਰ ਸ਼ਹਿਰ ਵੀ ਘੁੰਮਾਉਂਦੇ ਰਹੇ, ਫਿਰ ਭੈਣ-ਭਰਾ ਬਣ ਕੇ ਉਸ ਕੋਲੋਂ ਪੈਸੇ ਮੰਗ ਲਏ। ਜਦ ਉਹ ਉਨ੍ਹਾਂ ਕੋਲੋਂ ਪੈਸੇ ਮੰਗਣ ਲੱਗਾ ਤਾਂ ਟਾਲਮਟੋਲ ਕਰਦੇ ਰਹੇ। ਬੀਤੇ ਦਿਨ ਸਵੇਰੇ ਉਸ ਨੂੰ ਅੰਮ੍ਰਿਤਸਰ ਤੋਂ ਅਗਵਾ ਕੀਤਾ ਅਤੇ ਜੰਡਿਆਲਾ ਗੁਰੂ ਲੈ ਗਏ ਜਿੱਥੇ ਉਸ ਨਾਲ ਕੁੱਟਮਾਰ ਕੀਤੀ ਗਈ।
ਸੁੱਖਾ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਧਾਰੀ ਸਿੱਖ ਸੀ ਪਰ ਫਿਰ ਵੀ ਉਸ ਨੂੰ ਕੇਸਾਂ ਤੋਂ ਫੜ ਕੇ ਕੁੱਟਿਆ ਗਿਆ। ਅੱਧਮਰਿਆ ਹੋਣ ਜਦੋਂ ਪਾਣੀ ਮੰਗਿਆ ਤਾਂ ਉਸ ਨੂੰ ਜੁੱਤੀ ਵਿਚ ਪਾ ਕੇ ਪਿਲਾਇਆ ਗਿਆ। ਇਸ ਦੀ ਵੀਡੀਓ ਵੀ ਬਣਾ ਕੇ ਵਾਇਰਲ ਕਰ ਦਿੱਤੀ। ਹੁਣ ਉਸ ਨੇ ਜੰਡਿਆਲਾਗੁਰੂ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਜੰਡਿਆਲਾਗੁਰੂ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦਾ ਰਾਤ 10 ਵਜੇ ਪਤਾ ਚਲਿਆ। ਅਜੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਘਟਨਾ ਸਥਾਨ ਦਾ ਪਤਾ ਲਾਇਆ ਜਾ ਰਿਹਾ ਹੈ ਜਿਵੇਂ ਹੀ ਸਭ ਸਾਫ ਹੋਵੇਗਾ, ਕਾਰਵਾਈ ਕੀਤੀ ਜਾਵੇਗੀ।
ਪੀੜਤ ਅਨੁਸਾਰ ਉਸ ਨੂੰ ਅੰਮ੍ਰਿਤਸਰ ਬੱਸ ਸਟੈਂਡ ਨੇੜਿਓਂ ਅਗਵਾ ਕੀਤਾ ਗਿਆ ਸੀ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਮਾਮਲੇ ਦੀ ਜਾਂਚ ਸਿਟੀ ਪੁਲਿਸ ਕਰੇਗੀ। ਉਦੋਂ ਤੱਕ ਉਹ ਆਪਣੇ ਪੱਧਰ ’ਤੇ ਜਾਂਚ ’ਚ ਲੱਗੇ ਹੋਏ ਹਨ।

Video Ad
Video Ad