Home ਸਾਹਿਤਕ ਅੱਗ ਐਵੇਂ ਹੀ ਨਹੀਂ ਲੱਗਦੀ

ਅੱਗ ਐਵੇਂ ਹੀ ਨਹੀਂ ਲੱਗਦੀ

0
ਅੱਗ ਐਵੇਂ ਹੀ ਨਹੀਂ ਲੱਗਦੀ

ਜੰਗਲਾਂ ਨੂੰ ਅੱਗ ਕੋਈ ਹੁਣੇ ਨਹੀਂ ਲੱਗਣ ਲੱਗੀ। ਹੁਣ ਬੱਸ ਬੰਦੇ ਆਪ ਲਗਾਉਂਦੇ ਹਨ। ਪਹਿਲਾਂ ਕੁਦਰਤੀ ਲੱਗ ਜਾਇਆ ਕਰਦੀ ਸੀ। ਕਦੇ ਤਾਂ ਅਸਮਾਨੋਂ ਗਿਰੀ ਬਿਜਲੀ ਨਾਲ ਕਦੇ ਜਵਾਲਾਮੁਖੀਆਂ ਤੋਂ ਜਾਂ ਫਿਰ ਬਾਸਾਂ ਦੀ ਆਪਸੀ ਰਗੜ ਕਰਕੇ ਜੰਗਲਾਂ ਵਿੱਚ ਅੱਗ ਫੈਲ ਜਾਂਦੀ ਸੀ। ਜੰਗਲ ਦੀ ਅੱਗ ਨੂੰ ‘ਦਾਵਾ-ਅਗਨਿ’ ਦਾ ਨਾਂ ਦਿੱਤਾ ਜਾਂਦਾ ਹੈ। ਬੜੀ ਭਿਆਨਕ। ਜੋ ਰੁੱਖ ਬੂਟਾ, ਝਾੜੀਆਂ, ਵੇਲਾਂ, ਘਾਹ ਪੱਤਾ ਸਾਹਮਣੇ ਆਇਆ ਸਭ ਜੀਵ ਜੰਤੂਆਂ ਸਮੇਤ ਸੁਆਹ ਦਾ ਢੇਰ ਬਣ ਜਾਂਦਾ ਹੈ। ਐਸੀ ਖ਼ਤਰਨਾਕ ਚੀਜ਼ ਇਹ ਅੱਗ ਜਦੋਂ ਬੰਦੇ ਦੇ ਕਾਬੂ ਹੇਠ ਆ ਗਈ ਤਾਂ ਵੈਰੀ ਤੋਂ ਮਿੱਤਰ ਹੋ ਗਈ।
ਜਿੱਥੇ ਪਹਿਲਾਂ ਬੇਲਗਾਮ ਹੋਈ ਨੇ ਬੜੇ ਲੰਮੇ ਸਮੇਂ ਤੱਕ ਬੰਦੇ ਨੂੰ ਦੁੱਖ ਦਿੱਤੇ ਸੀ, ਹੁਣ ਸੁੱਖ ਦਾ ਸਾਧਨ ਬਣ ਗਈ। ਅੱਗ ਨਾਲ ਠੰਢੇ ਮੌਸਮ ਵਿੱਚ ਨਿੱਘ ਤਾਂ ਮਾਣੀ ਹੀ ਸਗੋਂ ਆਪਸੀ ਸਾਂਝ ਦੀ ਨਿੱਘ ਵੀ ਬਣੀ। ਅੱਗ ਬਾਲਣ ਦੇ ਲਈ ਲਾਇਟਰ 1823 ਵਿਚ ਜਰਮਨੀ ਦੇ ਜੋਹਨ ਵਾਲਫ਼ਗੈਂਗ ਡੂਬੋਰਾਇਨਰ ਨੇ ਬਣਾ ਲਿਆ ਸੀ ਅਤੇ 1826 ਵਿੱਚ ਸਕਾਟਲੈਂਡ ਦੇ ਜੌਨ ਵਾਕਰ ਨੂੰ ਅਚਾਨਕ ਹੀ ਕੈਮੀਕਲਾਂ ਤੇ ਕੰਮ ਕਰਦੇ ਹੋਏ ਕੈਮੀਕਲ ਲਿੱਬੜੀ ਤੀਲੀ ਦੇ ਸੇਕ ਕੋਲ ਆਉਣ ਤੇ ਅੱਗੁ ਲੱਗਣ ਦਾ ਪਤਾ ਲੱਗਾ ਤੇ ਮਾਚਿਸ ਦੀ ਖੋਜ ਹੋ ਗਈ ਅਤੇ ਬੰਦੇ ਲਈ ਅੱਗ ਲਗਾਉਣੀ ਭਾਵ ਬਾਲਣੀ ਸੌਖੀ ਹੋ ਗਈ।
ਇਸ ਤੋਂ ਪਹਿਲਾਂ ਚਕਮਕ ਪੱਥਰ ਨੂੰ ਲੋਹੇ ਉੱਤੇ ਰਗੜ ਕੇ ਚੰਗਿਆੜੀ ਪੈਦਾ ਕੀਤੀ ਜਾਂਦੀ ਸੀ ਤੇ ਰੂੰ ਜਾਂ ਸੁੱਕੇ ਤਿਣਕਿਆਂ ਵਿੱਚ ਉਸ ਚੰਗਿਆੜੀ ਨੂੰ ਸਾਂਭ ਕੇ ਚਾਨਣ ਅਤੇ ਨਿੱਘ ਲਈ ਵਰਤਿਆ ਗਿਆ। ਜਦੋਂ ਮਨੁੱਖ ਨੇ ਜਾਣ ਲਿਆ ਕਿ ਪੱਕਿਆ ਜਾਂ ਭੁੰਨਿਆ ਮਾਸ ਵੱਧ ਸਵਾਦ ਅਤੇ ਨਰਮ ਬਣ ਜਾਂਦਾ ਹੈ ਤਾਂ ਅੱਗ ਪਾਕ-ਸ਼ਾਸਤਰ ਦਾ ਆਧਾਰ ਬਣੀ। ਰਸੋਈ ਦੀ ਮੁੱਖ ਲੋੜ ਬਣੀ। ਲੰਮੇਂ ਸਮੇਂ ਤੱਕ ਭੰਨਿਆ ਪੱਕਿਆ ਖਾਣ ਨਾਲ ਮਨੁੱਖ ਦੇ ਦੰਦਾਂ, ਜਬਾੜੇ ਅਤੇ ਪਾਚਨ ਪ੍ਰਣਾਲੀ ਵਿੱਚ ਤਬਦੀਲੀਆਂ ਆ ਗਈਆਂ। ਹੁਣ ਭੋਜਨ ਪਕਾਉਣਾ ਜ਼ਰੂਰੀ ਬਣਦਾ ਗਿਆ। ਵਿਕਾਸ ਕਰਦਾ ਇਹ ਮਨੁੱਖ ਅੰਨ ਉਗਾਉਣ ਲੱਗਾ ਅਤੇ ਪਕਾਉਣ ਲੱਗਾ। ਖੇਤੀ ਲਈ ਜਮੀਨ ਚਾਹੀਦੀ ਸੀ। ਜਮੀਨ ਤੇ ਜੰਗਲ ਹੀ ਜੰਗਲ ਸਨ ਜਿਨ੍ਹਾਂ ਨੂੰ ਵੱਢਣ ਕੱਟਣ ਤੇ ਬਹੁਤ ਤਾਕਤ ਅਤੇ ਸਮਾਂ ਲੱਗਦਾ ਸੀ।
ਅੱਗ – ਇਹ ਹੁਣ ਕੁਦਰਤ ਨੇ ਨਹੀਂ ਮਨੁੱਖ ਨੇ ਲਗਾਈ। ਉਦੋਂ ਢਿੱਡ ਦੀ ਅੱਗ ਬੁਝਾਉਣ ਖਾਤਰ ਉਹ ਅੱਗ ਲਗਾਈ ਗਈ ਸੀ। ਹੁਣ ਬਦਨੀਤੀ ਅਤੇ ਤ੍ਰਿਸ਼ਨਾ ਦੀ ਅੱਗ ਮਨੁੱਖੀ ਮਨਾਂ ਅੰਦਰ ਲੱਗੀ ਹੋਈ ਹੈ। ਮੁਨਾਫ਼ੇਖੋਰੀ ਅਤੇ ਸਵਾਰਥ ਦੀ ਅੱਗ ਲੱਗੀ ਹੋਈ ਹੈ ਜੋ ਜੰਗਲੀ ਖੇਤਰ ਦੀਆਂ ਉਪਜਾਊ ਜਮੀਨਾਂ ਹੜੱਪਣ, ਆਦਿਵਾਸੀ ਲੋਕਾਂ ਨੂੰ ਜੰਗਲਾਂ ਵਿੱਚੋਂ ਉਜਾੜਨ, ਕੁਦਰਤੀ ਸਾਧਨਾਂ ਨੂੰ ਲੁੱਟਣ, ਲੱਕੜ ਦੀ ਚੋਰੀ, ਜੰਗਲੀ ਜਾਨਵਰਾਂ ਦੀ ਤਸਕਰੀ ਵਰਗੇ ਅਪਰਾਧਾਂ ਨੂੰ ਧੂੰਏਂ ਦੀ ਓਟ ਵਿੱਚ ਚਲਦੇ ਰੱਖਣ ਲਈ ਲਗਾ ਦਿੱਤੀ ਜਾਂਦੀ ਹੈ। ਜੰਗਲ ਕੁਦਰਤ ਦਾ ਅਸਲੀ ਰੰਗ ਰੂਪ ਹਨ। ਇਹ ਧਰਤੀ ਦੇ ਹਰ ਜੀਵ ਦੇ ਸਾਂਝੇ ਹਨ।
ਮਨੁੱਖ ਦੀ ਤ੍ਰਿਸ਼ਨਾ ਦੀ ਅੱਗ ਨੇ ਕਿੰਨੇ ਹੀ ਲੋਕਾਂ ਤੋਂ ਰੋਜ਼ਗਾਰ, ਬੱਚਿਆਂ ਤੋਂ ਖਿਡੌਣੇ, ਵਿਦਿਆਰਥੀਆਂ ਤੋਂ ਸਕੂਲ, ਕਿਸਾਨਾਂ ਤੋਂ ਜਮੀਨਾਂ, ਮਨੁੱਖ ਤੋਂ ਸਿਹਤ, ਸ਼ੁੱਧ ਹਵਾ, ਪਾਣੀ, ਭੋਜਨ ਅਤੇ ਸਿਹਤ ਖੋਹ ਲਈ ਹੈ। ਕੰਕਰੀਟ ਅਤੇ ਪਲਾਸਟਿਕ ਦੇ ਜੰਗਲ ਉੱਸਰ ਗਏ ਹਨ। ਇਹਨਾਂ ਵਿੱਚ ਠੰਢਕ ਨਹੀਂ ਅੱਗ ਹੀ ਅੱਗ ਵਰਦੀ ਹੈ। ਅੱਗ ਕਾਬੂ ਤੋਂ ਬਾਹਰ ਹੋ ਕੇ ਦੁਸ਼ਮਣ ਬਣ ਜਾਂਦੀ ਹੈ। ਅੱਗ ਹਰ ਇੱਕ ਦੇ ਕਾਬੂ ਵਿੱਚ ਨਹੀਂ ਰਹਿੰਦੀ। ਜੰਗਲਾਂ ਨੂੰ ਅੱਗ ਊਈਂ ਨਹੀਂ ਲੱਗਦੀ, ਇਹ ਲਾਲਚ ਦੀ ਅੱਗ ਦਾ ਪ੍ਰਤੱਖ ਰੂਪ ਹੁੰਦੀ ਹੈ। ਕਲਯੁੱਗ ਵਿੱਚ ਮਨੁੱਖ ਚੋਂ ਮਨੁੱਖਤਾ ਮਨਫ਼ੀ ਹੋ ਕੇ ਇਹ ਬੱਸ ਇੱਕ ਕਲਪੁਰਜਾ ਬਣ ਗਿਆ ਹੈ। ਕਲਯੁੱਗ ਦਾ ਰਥ ਅੱਗ ਦਾ ਸੁਣਿਆ ਹੈ। ਕਲਯੁੱਗ ਵਿੱਚ ਸਭ ਪਾਸੇ ਅੱਗ ਲੱਗੀ ਹੋਈ ਹੈ। ਸੁਣਿਆ ਹੈ ਕਲਯੁੱਗ ਦਾ ਅੰਤ ਅੱਗ ਨਾਲ ਹੋਵੇਗਾ। ਕਿੰਨਾ ਹੀ ਬਾਰੂਦ ਮਨੁੱਖ ਇਸ ਅੱਗ ਲਈ ਤਿਆਰ ਕਰੀ ਬੈਠਾ ਹੈ।
– ਪਰਮਿੰਦਰ ਭੁੱਲਰ
94630-67430