Home ਭਾਰਤ ਆਈਐਸਐਸਐਫ ਸ਼ੂਟਿੰਗ ਵਰਲਡ ਕੱਪ : ਗਨੀਮਤ ਤੇ ਅੰਗਦ ਨੇ ਭਾਰਤ ਨੂੰ 7ਵਾਂ ਸੋਨ ਤਮਗਾ ਦਿਵਾਇਆ

ਆਈਐਸਐਸਐਫ ਸ਼ੂਟਿੰਗ ਵਰਲਡ ਕੱਪ : ਗਨੀਮਤ ਤੇ ਅੰਗਦ ਨੇ ਭਾਰਤ ਨੂੰ 7ਵਾਂ ਸੋਨ ਤਮਗਾ ਦਿਵਾਇਆ

0
ਆਈਐਸਐਸਐਫ ਸ਼ੂਟਿੰਗ ਵਰਲਡ ਕੱਪ : ਗਨੀਮਤ ਤੇ ਅੰਗਦ ਨੇ ਭਾਰਤ ਨੂੰ 7ਵਾਂ ਸੋਨ ਤਮਗਾ ਦਿਵਾਇਆ

ਨਵੀਂ ਦਿੱਲੀ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਦਿੱਲੀ ‘ਚ ਚੱਲ ਰਹੇ ਆਈਐਸਐਸਐਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਪੰਜਵੇਂ ਦਿਨ ਗਨੀਮਤ ਸ਼ੇਖੋਂ ਅਤੇ ਅੰਗਦ ਵੀਰ ਸਿੰਘ ਦੀ ਜੋੜੀ ਨੇ ਭਾਰਤ ਨੂੰ 7ਵਾਂ ਸੋਨ ਤਮਗਾ ਦਿਵਾਇਆ। ਦੋਵਾਂ ਨੇ ਸਕੀਟ ਦੇ ਮਿਕਸ ਮੁਕਾਬਲੇ ‘ਚ ਇਹ ਤਗਮਾ ਜਿੱਤਿਆ। ਫਾਈਨਲ ‘ਚ ਅੰਗਦ ਅਤੇ ਗਨੀਮਤ ਨੇ ਕਜ਼ਾਕਿਸਤਾਨ ਦੀ ਓਲਗਾ ਪਨਾਰਿਨਾ ਅਤੇ ਅਲੈਗਜ਼ੈਂਡਰ ਯਾਚੇਸਨਕੋ ਨੂੰ 33-29 ਨਾਲ ਮਾਤ ਦਿੱਤੀ। ਅੰਗਦ ਤੇ ਗਨੀਮਤ ਨੇ 141 ਦੇ ਸਕੋਰ ਨਾਲ ਕੁਆਲੀਫ਼ਿਕੇਸ਼ਨ ਰਾਊਂਡ ‘ਚ ਪਹਿਲਾ ਸਥਾਨ ਹਾਸਲ ਕੀਤਾ ਸੀ।
ਭਾਰਤ ਨੇ ਟੂਰਨਾਮੈਂਟ ‘ਚ ਹੁਣ ਤਕ ਕੁੱਲ 14 ਤਮਗੇ ਜਿੱਤੇ ਹਨ, ਜਿਨ੍ਹਾਂ ‘ਚ 7 ​​ਸੋਨ, 3 ਚਾਂਦੀ ਅਤੇ 4 ਕਾਂਸੀ ਸ਼ਾਮਲ ਹਨ। ਭਾਰਤੀ ਟੀਮ ਇਸ ਸਮੇਂ ਟੂਰਨਾਮੈਂਟ ‘ਚ ਟਾਪ ‘ਤੇ ਹੈ। ਇਸ ਦੇ ਨਾਲ ਹੀ ਯੂਐਸਏ 4 ਮੈਡਲਾਂ ਨਾਲ ਦੂਜੇ ਨੰਬਰ ‘ਤੇ ਹੈ, ਜਿਸ ‘ਚ 2 ਸੋਨ, 1 ਸਿਲਵਰ ਅਤੇ 1 ਕਾਂਸੀ ਸ਼ਾਮਲ ਹੈ। ਕਜ਼ਾਕਿਸਤਾਨ 4 ਤਮਗੇ ਲੈ ਕੇ ਤੀਜੇ ਨੰਬਰ ‘ਤੇ ਹੈ, ਜਿਸ ‘ਚ 1 ਸੋਨ, 2 ਚਾਂਦੀ ਅਤੇ 1 ਕਾਂਸੀ ਹੈ।
ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿਖੇ ਚੱਲ ਰਹੇ ਸ਼ੂਟਿੰਗ ਵਰਲਡ ਕੱਪ ਦੇ ਸਕੀਟ ਮਿਕਸਡ ਈਵੈਂਟ ‘ਚ ਭਾਰਤ ਦੀ ਇਕ ਹੋਰ ਜੋੜੀ ਪਰਿਨਾਜ਼ ਧਾਲੀਵਾਲ ਅਤੇ ਮੈਰਾਜ਼ ਅਹਿਮਦ ਖ਼ਾਨ ਤਮਗੇ ਤੋਂ ਖੁੰਝ ਗਏ। ਕਾਂਸੀ ਤਮਗੇ ਲਈ ਦੋਵਾਂ ਦਾ ਮੈਚ ਕਤਰ ਦੀ ਰੀਮ ਸ਼ਰਸ਼ਾਨੀ ਅਤੇ ਰਾਸ਼ਿਦ ਹਮਾਦ ਨਾਲ ਸੀ। ਉਨ੍ਹਾਂ ਦੋਵਾਂ ਨੇ ਭਾਰਤ ਨੂੰ 32-31 ਨਾਲ ਹਰਾਇਆ।
ਇਸ ਤੋਂ ਪਹਿਲਾਂ 20 ਸਾਲਾ ਗਨੀਮਤ ਵਿਸ਼ਵ ਕੱਪ ਦੇ ਸਕੀਟ ਮਹਿਲਾ ਸਿੰਗਲਜ਼ ਮੁਕਾਬਲੇ ‘ਚ ਭਾਰਤ ਲਈ ਤਮਗਾ ਜਿੱਤਣ ਵਾਲੀ ਪਹਿਲੀ ਨਿਸ਼ਾਨੇਬਾਜ਼ ਬਣੀ ਸੀ। ਉੱਥੇ ਹੀ ਮਹਿਲਾ ਟੀਮ ਈਵੈਂਟ ‘ਚ ਪਰਿਨਾਜ਼ ਧਾਲੀਵਾਲ ਅਤੇ ਕਾਰਤਿਕੀ ਸਿੰਘ ਸ਼ਕਾਵਤ ਨਾਲ ਮਿਲ ਕੇ ਚਾਂਦੀ ਦਾ ਤਮਗਾ ਜਿੱਤਿਆ ਸੀ।
ਸਕੀਟ ਮੈਨਜ਼ ਟੀਮ ਮੁਕਾਬਲੇ ‘ਚ ਅੰਗਦ ਵੀਰ ਸਿੰਘ ਨੇ ਗੁਰਜਾਤ ਖੰਗੂੜਾ ਅਤੇ ਮੈਰਾਜ ਅਹਿਮਦ ਖ਼ਾਨ ਨਾਲ ਮਿਲ ਕੇ ਭਾਰਤ ਨੂੰ ਸੋਨ ਤਮਗਾ ਦਿਵਾਇਆ। ਇਹ ਈਵੈਂਟ ਵਿਸ਼ਵ ਕੱਪ ‘ਚ ਮਰਦ ਟੀਮ ਲਈ ਪਹਿਲਾ ਸੋਨ ਤਮਗਾ ਸੀ। ਇਸ ਤੋਂ ਪਹਿਲਾਂ ਟੀਮ ਕਿਸੇ ਵੀ ਵਿਸ਼ਵ ਕੱਪ ‘ਚ ਸੋਨ ਤਗਮਾ ਨਹੀਂ ਜਿੱਤ ਸਕੀ ਸੀ।