
ਨਵੀਂ ਦਿੱਲੀ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) 2021 ਦੀ ਸ਼ੁਰੂਆਤ ਤੋਂ 6 ਦਿਨ ਪਹਿਲਾਂ ਹੀ ਦਿੱਲੀ ਕੈਪੀਟਲਸ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਟੀਮ ਦੇ ਆਲਰਾਊਂਡਰ ਅਕਸ਼ਰ ਪਟੇਲ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਦਿੱਲੀ ਕੈਪੀਟਲਸ ਨੇ ਅਕਸ਼ਰ ਪਟੇਲ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਹੈ।
ਦਿੱਲੀ ਕੈਪੀਟਲਸ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ‘ਚ ਕਿਹਾ ਗਿਆ ਹੈ, “ਦੁੱਖ ਦੀ ਗੱਲ ਹੈ ਕਿ ਅਕਸ਼ਰ ਪਟੇਲ ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਆਈਪੀਐਲ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦਿਆਂ ਉਨ੍ਹਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ।” ਦੂਜੇ ਪਾਸੇ ਚੇਨਈ ਸੁਪਰ ਕਿੰਗਜ਼ ਦੀ ਕੰਟੈਂਟ ਟੀਮ ਦਾ ਇਕ ਮੈਂਬਰ ਵੀ ਪਾਜ਼ੀਟਿਵ ਪਾਇਆ ਗਿਆ ਹੈ। ਇਸ ਸਬੰਧੀ ਚੇਨਈ ਦਾ ਕਹਿਣਾ ਹੈ ਕਿ ਮੈਂਬਰ ਕਿਸੇ ਵੀ ਖਿਡਾਰੀ ਜਾਂ ਸਪੋਰਟ ਸਟਾਫ਼ ਦੇ ਸੰਪਰਕ ‘ਚ ਨਹੀਂ ਆਇਆ ਅਤੇ ਉਸ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਦਿੱਲੀ ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਨਾਲ 10 ਅਪ੍ਰੈਲ ਨੂੰ ਮੁੰਬਈ ‘ਚ ਹੋਣਾ ਹੈ।
ਅਕਸ਼ਰ ਪਟੇਲ ਦੂਜੇ ਅਜਿਹੇ ਖਿਡਾਰੀ ਹਨ, ਜੋ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਦੇ ਨਿਤੀਸ਼ ਰਾਣਾ ਵੀ ਪਾਜ਼ੀਟਿਵ ਪਾਏ ਗਏ ਸਨ। ਨਿਤੀਸ਼ 22 ਮਾਰਚ ਨੂੰ ਪਾਜ਼ੀਟਿਵ ਪਾਏ ਗਏ ਸਨ ਅਤੇ 1 ਅਪ੍ਰੈਲ ਨੂੰ ਆਈ ਰਿਪੋਰਟ ‘ਚ ਉਹ ਨੈਗੇਟਿਵ ਮਿਲੇ ਹਨ।
ਦਿੱਲੀ ਕੈਪੀਟਲਸ ਅਨੁਸਾਰ ਅਕਸ਼ਰ ਪਟੇਲ ਨੇ 28 ਮਾਰਚ ਨੂੰ ਕੋਵਿਡ ਨੈਗੇਟਿਵ ਰਿਪੋਰਟ ਟੀਮ ਨੂੰ ਭੇਜੀ ਸੀ। ਫਿਰ ਉਨ੍ਹਾਂ ਨੂੰ 7 ਦਿਨ ਦੇ ਕੁਆਰੰਟੀਨ ‘ਚ ਰੱਖਿਆ ਗਿਆ ਸੀ। ਉਨ੍ਹਾਂ ਦੀ ਦੂਜੀ ਕੋਵਿਡ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ।
ਆਈਪੀਐਲ ਲਈ ਬੀਸੀਸੀਆਈ ਦੇ ਨਿਯਮਾਂ ਦੇ ਅਨੁਸਾਰ ਕੋਰੋਨਾ ਲਾਗ ਵਾਲੇ ਖਿਡਾਰੀਆਂ ਜਾਂ ਮੈਂਬਰਾਂ ਨੂੰ ਬਾਇਓ ਬਬਲ ਤੋਂ ਬਾਹਰ ਘੱਟੋ-ਘੱਟ 10 ਦਿਨ ਲਈ ਆਈਸੋਲੇਟ ਰਹਿਣਾ ਹੋਵੇਗਾ। ਜ਼ਿਕਰਯੋਗ ਹੈ ਕਿ ਅਕਸ਼ਰ ਪਟੇਲ ਨੇ ਆਈਪੀਐਲ ‘ਚ ਹੁਣ ਤਕ 97 ਮੈਚਾਂ ‘ਚ 80 ਵਿਕਟਾਂ ਲਈਆਂ ਹਨ।