ਨਵੀਂ ਦਿੱਲੀ, 30 ਮਾਰਚ (ਹਮਦਰਦ ਨਿਊਜ਼ ਸਰਵਿਸ) : ਹਰ ਸਾਲ ਪੂਰੀ ਦੁਨੀਆਂ ਦੇ ਕ੍ਰਿਕਟ ਪ੍ਰੇਮੀਆਂ ਨੂੰ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਦੁਨੀਆਂ ਦੀ ਸਭ ਤੋਂ ਰੋਮਾਂਚਕ ਟੀ20 ਲੀਗ ਦੇ ਸ਼ੁਰੂ ਹੋਣ ‘ਚ ਹੁਣ ਸਿਰਫ਼ ਕੁਝ ਹੀ ਦਿਨ ਬਾਕੀ ਹਨ। ਅਜਿਹੀ ਸਥਿਤੀ ‘ਚ ਹਰੇਕ ਫ੍ਰੈਂਚਾਇਜ਼ੀ ਨੇ ਆਪਣੀ ਪੂਰੀ ਤਿਆਰੀ ਕਰ ਲਈ ਹੈ। ਬੀਸੀਸੀਆਈ ਵੀ ਪੂਰੀ ਤਰ੍ਹਾਂ ਤਿਆਰ ਹੈ, ਪਰ ਇਸ ਵਾਰ 14ਵੇਂ ਸੀਜ਼ਨ ‘ਚ ਕਈ ਨਵੇਂ ਨਿਯਮ ਵੇਖਣ ਨੂੰ ਮਿਲਣਗੇ। ਬੋਰਡ ਨੇ ਵੱਡਾ ਬਦਲਾਅ ਕਰਦਿਆਂ ਆਨ-ਫੀਲਡ ਸਾਫ਼ਟ ਸਿਗਨਲ ਨੂੰ ਹਟਾਉਣ ਲਈ ਇਕ ਵੱਡਾ ਫ਼ੈਸਲਾ ਲਿਆ ਹੈ। ਨਾਲ ਹੀ ਹੁਣ ਹਰੇਕ ਟੀਮ ਨੂੰ ਆਪਣੀ ਪਾਰੀ ਨੂੰ 90 ਮਿੰਟ ‘ਚ ਪੂਰਾ ਕਰਨਾ ਹੋਵੇਗਾ।
ਕ੍ਰਿਕਬਜ਼ ਅਨੁਸਾਰ, “ਬੀਸੀਸੀਆਈ ਨੇ ਇਨ੍ਹਾਂ ਸਾਰੀਆਂ ਤਬਦੀਲੀਆਂ ਦਾ ਵੇਰਵਾ ਦਿੰਦਿਆਂ ਆਈਪੀਐਲ ਦੀਆਂ ਸਾਰੀਆਂ 8 ਟੀਮਾਂ ਨੂੰ ਇੱਕ ਚਿੱਠੀ ਭੇਜੀ ਹੈ। ਨਿਰਧਾਰਤ ਸਮੇਂ ‘ਚ ਮੈਚ ਨੂੰ ਪੂਰਾ ਕਰਨ ਲਈ ਹਰੇਕ ਪਾਰੀ ਦੇ 20ਵੇਂ ਓਵਰ ਨੂੰ 90 ਮਿੰਟ ‘ਚ ਪੂਰਾ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਨਿਯਮ 20ਵੇਂ ਓਵਰ ਦੀ ਸ਼ੁਰੂਆਤ 90ਵੇਂ ਮਿੰਟ ‘ਚ ਸ਼ੁਰੂ ਕਰਨ ਦਾ ਸੀ।
ਨਵੇਂ ਨਿਯਮਾਂ ਮੁਤਾਬਕ ਹਰੇਕ ਟੀਮ ਨੂੰ ਇਕ ਘੰਟੇ ‘ਚ ਔਸਤਨ 14.11 ਓਵਰ ਕਰਨੇ ਪੈਣਗੇ। ਇਸ ‘ਚ ਟਾਈਮ ਆਊਟ ਸ਼ਾਮਲ ਨਹੀਂ ਹੋਵੇਗਾ। ਮੈਚ ਦੀ ਇਕ ਪਾਰੀ 90 ਮਿੰਟ ‘ਚ ਖਤਮ ਹੋ ਜਾਣੀ ਚਾਹੀਦੀ ਹੈ। ਖੇਡ ਲਈ 85 ਮਿੰਟ ਅਤੇ 5 ਮਿੰਟ ਟਾਈਮ ਆਊਟ ਹੋਵੇਗਾ।
ਜੇਕਰ ਕੋਈ ਟੀਮ ਸਮਾਂ ਬਰਬਾਦ ਕਰਦੀ ਪਾਈ ਜਾਂਦੀ ਹੈ ਤਾਂ ਚੌਥੇ ਅੰਪਾਇਰ ਦੀ ਭੂਮਿਕਾ ਮਹੱਤਵਪੂਰਣ ਬਣ ਜਾਵੇਗੀ। ਸਜ਼ਾ ਦੇ ਤੌਰ ‘ਤੇ ਸੋਧੇ ਹੋਏ ਓਵਰ-ਰੇਟ ਨਿਯਮ ਨੂੰ ਲਾਗੂ ਕਰਨ ਅਤੇ ਬੱਲੇਬਾਜ਼ੀ ਵਾਲੀ ਟੀਮ ਨੂੰ ਚਿਤਾਵਨੀ ਦੇਣ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਹਨ। ਸਾਫ਼ਟ ਸਿਗਨਲ ਨਿਯਮ ਦੇ ਸਬੰਧ ‘ਚ ਬੀਸੀਸੀਆਈ ਨੇ ਕਿਹਾ ਕਿ ਫੀਲਡ ਅੰਪਾਇਰ ਦੇ ਸੰਕੇਤ ਦਾ ਤੀਜੇ ਅੰਪਾਇਰ ਦੇ ਫ਼ੈਸਲੇ ‘ਤੇ ਕੋਈ ਅਸਰ ਨਹੀਂ ਹੋਵੇਗਾ।
ਮੈਚ ਦੌਰਾਨ ਤੀਜੇ ਅੰਪਾਇਰ ਤੋਂ ਮਦਦ ਮੰਗਣ ਵੇਲੇ ਕੋਈ ਵੀ ਫੀਲਡ ਅੰਪਾਇਰ ਸਾਫ਼ਟ ਸਿਗਨਲ ਦਾ ਇਸ਼ਾਰਾ ਨਹੀਂ ਕਰੇਗਾ। ਇਹ ਫ਼ੈਸਲਾ ਅੰਪਾਇਰਿੰਗ ਦੇ ਹਿੱਤ ‘ਚ ਲਿਆ ਗਿਆ ਹੈ, ਤਾਂ ਕਿ ਤੀਜੇ ਅੰਪਾਇਰ ਨੂੰ ਆਪਣਾ ਫ਼ੈਸਲਾ ਲੈਣ ‘ਚ ਕੋਈ ਮੁਸ਼ਕਲ ਪੇਸ਼ ਨਾ ਆਵੇ ਅਤੇ ਨਾ ਹੀ ਇਸ ਨਾਲ ਕੋਈ ਵਿਵਾਦ ਪੈਦਾ ਹੋ ਸਕੇ। ਬੀਸੀਸੀਆਈ ਨੇ ਵੀ ਸ਼ਾਰਟ ਰਨ ਨਿਯਮ ‘ਚ ਸੋਧ ਕੀਤੀ ਹੈ। ਹੁਣ ਥਰਡ ਅੰਪਾਇਰ ਸ਼ਾਰਟ ਰਨ ‘ਤੇ ਆਨ-ਫੀਲਡ ਅੰਪਾਇਰ ਦੀ ਕਾਲ ਦੀ ਵੀ ਜਾਂਚ ਕਰ ਸਕਦਾ ਹੈ ਅਤੇ ਅਸਲ ਫ਼ੈਸਲੇ ਨੂੰ ਪਲਟ ਸਕਦਾ ਹੈ।

