
ਕੈਲੀਫ਼ੋਰਨੀਆ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਦੁਨੀਆਂ ਦੀ ਮਸ਼ਹੂਰ ਫ਼ੋਨ ਨਿਰਮਾਤਾ ਕੰਪਨੀ ਐਪਲ ਨੂੰ ਆਪਣੇ ਆਈਫ਼ੋਨ 12 ਸੀਰੀਜ਼ ਦੇ ਸਮਾਰਟਫ਼ੋਨ ਨਾਲ ਚਾਰਜਰ ਨਾ ਦੇਣਾ ਭਾਰੀ ਪੈ ਗਿਆ। 9to5Google ਗੂਗਲ ਦੀ ਰਿਪੋਰਟ ਅਨੁਸਾਰ ਬ੍ਰਾਜ਼ੀਲ ਦੀ ਖਪਤਕਾਰ ਸੁਰੱਖਿਆ ਏਜੰਸੀ Procon-SP ਨੇ ਇਸ ਦੇ ਲਈ ਐਪਲ ਨੂੰ 2 ਮਿਲੀਅਨ ਡਾਲਰ (ਲਗਭਗ 14 ਕਰੋੜ ਰੁਪਏ) ਜੁਰਮਾਨਾ ਕੀਤਾ ਹੈ। ਬ੍ਰਾਜ਼ੀਲ ਦੀ ਏਜੰਸੀ ਨੇ ਗੁੰਮਰਾਹਕੁੰਨ ਇਸ਼ਤਿਹਾਰਾਂ, ਬਗੈਰ ਚਾਰਜਰ ਤੋਂ ਡਿਵਾਈਸਾਂ ਵੇਚਣ ਅਤੇ ਗਲਤ ਨਿਯਮਾਂ ਦਾ ਹਵਾਲਾ ਦੇਣ ਨੂੰ ਜ਼ੁਰਮਾਨੇ ਦਾ ਕਾਰਨ ਦੱਸਿਆ ਹੈ। Procon-SP ਨੇ ਇਹ ਵੀ ਦੱਸਿਆ ਹੈ ਕਿ ਐਪਲ ਦੇ ਇਸ ਕਦਮ ਨਾਲ ਵਾਤਾਵਰਣ ਨੂੰ ਕੋਈ ਫ਼ਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।
ਆਪਣੇ ਫ਼ੈਸਲੇ ‘ਚ ਏਜੰਸੀ ਨੇ ਐਪਲ ਨੂੰ ਇਹ ਵੀ ਪੁੱਛਿਆ ਕਿ ਕੀ ਕੰਪਨੀ ਨੇ ਚਾਰਜਰ ਹਟਾਉਣ ਤੋਂ ਬਾਅਦ ਆਈਫ਼ੋਨ 12 ਦੀ ਕੀਮਤ ਘਟਾ ਦਿੱਤੀ ਹੈ? ਹਾਲਾਂਕਿ ਐਪਲ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ। ਕੰਪਨੀ ਨੇ ਅਜਿਹੇ ਸਵਾਲਾਂ ਦੇ ਜਵਾਬ ਵੀ ਨਹੀਂ ਦਿੱਤੇ, ਜਿਵੇਂ ਕਿ ਚਾਰਜਰ ਦੇ ਨਾਲ ਅਤੇ ਬਿਨਾਂ ਹੈਂਡਸੈੱਟ ਦੀ ਕੀਮਤ ਕੀ ਸੀ ਅਤੇ ਕੀ ਕੰਪਨੀ ਨੇ ਚਾਰਜਰ ਦਾ ਉਤਪਾਦਨ ਘਟਾ ਦਿੱਤਾ ਹੈ?
ਬਾਕਸ ਨਾਲ ਚਾਰਜਰ ਨਾ ਮਿਲਣ ਤੋਂ ਇਲਾਵਾ ਏਜੰਸੀ ਨੇ ਕੰਪਨੀ ਨੂੰ ਕੁਝ ਹੋਰ ਮੁੱਦਿਆਂ ‘ਤੇ ਵੀ ਸਵਾਲ ਪੁੱਛੇ ਹਨ। ਆਈਓਐਸ ਅਪਡੇਟ ਦੇ ਮੁੱਦੇ ‘ਤੇ ਏਜੰਸੀ ਨੇ ਪੁੱਛਿਆ, “ਇਹ ਕਿਹਾ ਜਾ ਰਿਹਾ ਹੈ ਕਿ ਆਈਫੋਨਾਂ ਨੂੰ ਅਪਡੇਟ ਕਰਨ ਤੋਂ ਬਾਅਦ ਕੁਝ ਗਾਹਕਾਂ ਨੂੰ ਬਹੁਤ ਸਾਰੇ ਫੰਕਸ਼ਨਾਂ ‘ਚ ਮੁਸ਼ਕਲਾਂ ਆਈਆਂ, ਜਿਸ ‘ਚ ਐਪਲ ਨੇ ਮਦਦ ਨਹੀਂ ਕੀਤੀ। ਐਪਲ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਬ੍ਰਾਜ਼ੀਲ ‘ਚ ਸਖ਼ਤ ਉਪਭੋਗਤਾ ਸੁਰੱਖਿਆ ਕਾਨੂੰਨ ਅਤੇ ਸੰਸਥਾਵਾਂ ਹਨ, ਜਿਸ ਦਾ ਐਪਲ ਨੂੰ ਸਨਮਾਨ ਕਰਨਾ ਹੋਵੇਗਾ।”
ਐਪਲ ਨੇ ਚਾਰਜਰ ਨਾ ਦੇਣ ਦਾ ਇਹ ਕਾਰਨ ਦੱਸਿਆ ਸੀ
ਦੱਸ ਦੇਈਏ ਕਿ ਐਪਲ ਨੇ ਪਿਛਲੇ ਸਾਲ ਅਕਤੂਬਰ ‘ਚ ਆਈਫ਼ੋਨ 12 ਸੀਰੀਜ਼ ਲਾਂਚ ਕੀਤੀ ਸੀ। ਕੰਪਨੀ ਨੇ ਪੂਰੀ ਦੁਨੀਆਂ ਦੇ ਲੋਕਾਂ ਨੂੰ ਹੈਰਾਨ ਕੀਤਾ ਜਦੋਂ ਇਹ ਕਿਹਾ ਗਿਆ ਸੀ ਕਿ ਇਹ ਬਾਕਸ ਨਾਲ ਚਾਰਜਰ ਨਹੀਂ ਮਿਲੇਗਾ। ਹਾਲਾਂਕਿ, ਕੰਪਨੀ ਨੇ ਇਸ ਦੇ ਪਿੱਛੇ ਇਕ ਮਹੱਤਵਪੂਰਣ ਕਾਰਨ ਵੀ ਦੱਸਿਆ। ਐਪਲ ਨੇ ਕਿਹਾ ਕਿ ਚਾਰਜਰ ਨਾ ਦੇ ਕੇ ਕੰਪਨੀ ਈ-ਵੇਸਟ (ਇਲੈਕਟ੍ਰਾਨਿਕ ਕੂੜਾ ਕਰਕਟ) ਦੀ ਸਮੱਸਿਆ ਨੂੰ ਘਟਾ ਰਹੀ ਹੈ, ਜਿਸ ਨਾਲ ਵਾਤਾਵਰਣ ਨੂੰ ਲਾਭ ਮਿਲੇਗਾ। ਐਪਲ ਤੋਂ ਬਾਅਦ ਸੈਮਸੰਗ ਨੇ ਵੀ ਇਸ ਤਰਕੀਬ ਨੂੰ ਅਪਣਾਇਆ ਹੈ।