ਆਈਸੀਸੀ ਟੀ20 ਰੈਂਕਿੰਗ ‘ਚ ਚੌਥੇ ਨੰਬਰ ‘ਤੇ ਪਹੁੰਚੇ ਵਿਰਾਟ ਕੋਹਲੀ

ਨਵੀਂ ਦਿੱਲੀ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਬੁੱਧਵਾਰ ਨੂੰ ਜਾਰੀ ਹੋਈ ਤਾਜ਼ਾ ਆਈਸੀਸੀ ਟੀ20 ਕੌਮਾਂਤਰੀ ਰੈਂਕਿੰਗ ਦੀ ਬੱਲੇਬਾਜ਼ੀ ਸੂਚੀ ‘ਚ ਚੌਥੇ ਨੰਬਰ ‘ਤੇ ਪਹੁੰਚ ਗਏ ਹਨ, ਜਦਕਿ ਉਪ ਕਪਤਾਨ ਰੋਹਿਤ ਸ਼ਰਮਾ ਵੀ 14ਵੇਂ ਨੰਬਰ ‘ਤੇ ਪਹੁੰਚ ਗਏ ਹਨ।
ਰੋਹਿਤ ਸ਼ਰਮਾ ਨੇ ਆਖਰੀ ਟੀ20 ਮੈਚ ‘ਚ ਇੰਗਲੈਂਡ ਵਿਰੁੱਧ 34 ਗੇਂਦਾਂ ‘ਚ 64 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਕਪਤਾਨ ਕੋਹਲੀ ਨੇ ਟੀ20 ਲੜੀ ‘ਚ ਸਭ ਤੋਂ ਵੱਧ 231 ਦੌੜਾਂ ਬਣਾਈਆਂ ਸਨ। ਕੋਹਲੀ ਨੇ ‘ਪਲੇਅਰ ਆਫ਼ ਦੀ ਸੀਰੀਜ਼’ ਦਾ ਖਿਤਾਬ ਵੀ ਜਿੱਤਿਆ ਸੀ। ਉਨ੍ਹਾਂ ਨੇ ਟੀ20 ਲੜੀ ‘ਚ 3 ਅਰਧ ਸੈਂਕੜੇ ਵੀ ਲਗਾਏ ਸਨ।
ਵਿਕਟਕੀਪਰ ਬੱਲੇਬਾਜ਼ ਲੋਕੇਸ਼ ਰਾਹੁਲ ਨੂੰ ਇਕ ਨੰਬਰ ਦਾ ਨੁਕਸਾਨ ਝੱਲਣਾ ਪਿਆ ਹੈ। ਉਹ ਹੁਣ ਚੌਥੇ ਨੰਬਰ ਤੋਂ ਪੰਜਵੇਂ ਨੰਬਰ ‘ਤੇ ਆ ਗਏ ਹਨ। ਇੰਗਲੈਂਡ ਦੇ ਡੇਵਿਡ ਮਾਲਨ (892) ਪਹਿਲੇ ਨੰਬਰ ‘ਤੇ ਹਨ, ਜਦਕਿ ਦੂਜੇ ਨੰਬਰ ‘ਤੇ ਐਰੋਨ ਫਿੰਚ ਦੇ 830 ਅੰਕ ਹਨ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ (801) ਤੀਜੇ ਨੰਬਰ ‘ਤੇ ਹਨ।
ਦੂਜੇ ਪਾਸੇ ਇੰਗਲੈਂਡ ਵਿਰੁੱਧ ਪਹਿਲੇ ਵਨਡੇ ਮੈਚ ‘ਚ ਭਾਰਤੀ ਕ੍ਰਿਕਟ ਟੀਮ ਨੇ 66 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ ਸੀ। ਕਪਤਾਨ ਵਿਰਾਟ ਕੋਹਲੀ ਇਸ ਜਿੱਤ ਤੋਂ ਬਹੁਤ ਖੁਸ਼ ਹਨ। ਵਿਰਾਟ ਕੋਹਲੀ ਨੇ ਇਸ ਜਿੱਤ ਨੂੰ ਅਜੋਕੇ ਸਮੇਂ ਦੀ ਸੱਭ ਤੋਂ ਵਧੀਆ ਜਿੱਤ ਦੱਸਿਆ ਹੈ। ਤਿੰਨ ਵਨਡੇ ਮੈਚਾਂ ਦੀ ਲੜੀ ‘ਚ ਭਾਰਤੀ ਟੀਮ ਨੇ 1-0 ਦੀ ਲੀਡ ਹਾਸਲ ਕਰ ਲਈ ਹੈ। ਵਿਰਾਟ ਕੋਹਲੀ ਨੇ ਕਿਹਾ, “ਅਜੋਕੇ ਸਮੇਂ ‘ਚ ਇਹ ਸਾਡੀ ਸੱਭ ਤੋਂ ਵਧੀਆ ਜਿੱਤ ਹੈ। ਇੰਨੀ ਛੇਤੀ 9 ਵਿਕਟਾਂ ਲੈਣਾ ਸ਼ਾਨਦਾਰ ਸੀ। ਸਾਡੇ ਗੇਂਦਬਾਜ਼ਾਂ ਨੇ ਮੈਚ ‘ਚ ਵਾਪਸੀ ਕਰਵਾਈ, ਇਹ ਕਾਫ਼ੀ ਬੇਮਿਸਾਲ ਸੀ। ਮੈਨੂੰ ਇਸ ‘ਤੇ ਕਾਫ਼ੀ ਮਾਣ ਮਹਿਸੂਸ ਹੋ ਰਿਹਾ ਹੈ।”
ਵਿਰਾਟ ਕੋਹਲੀ ਨੇ ਸ਼ਿਖਰ ਧਵਨ ਅਤੇ ਕੇ.ਐਲ. ਰਾਹੁਲ ਦੀ ਖੂਬ ਤਰੀਫ਼ ਕੀਤੀ। ਉਨ੍ਹਾਂ ਕਿਹਾ, “ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਮੈਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦਿੰਦੇ ਹਾਂ ਜੋ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰ ਸਕਦੇ ਹਨ। ਸ਼ਿਖਰ ਧਵਨ ਅਤੇ ਲੋਕੇਸ਼ ਰਾਹੁਲ ਦੀ ਪਾਰੀ ਸ਼ਾਨਦਾਰ ਰਹੀ। ਹਰ ਮੈਚ ‘ਚ ਸਾਡੇ ਕੋਲ ਦੋ-ਤਿੰਨ ਖਿਡਾਰੀ ਉਪਲੱਬਧ ਹੁੰਦੇ ਹਨ। ਇਹ ਭਾਰਤੀ ਕ੍ਰਿਕਟ ਲਈ ਇਕ ਚੰਗਾ ਸੰਕੇਤ ਹੈ।”

Video Ad
Video Ad