
ਨਵੀਂ ਦਿੱਲੀ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਦੁਨੀਆਂ ‘ਚ ਕ੍ਰਿਕਟ ਦੀ ਸਰਬ ਉੱਚ ਸੰਸਥਾ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈਸੀਸੀ) ਨੇ ਬੁੱਧਵਾਰ ਨੂੰ ਮਰਦਾਂ ਦੀ ਵਨਡੇ ਅਤੇ ਟੀ20 ਰੈਕਿੰਗ ਜਾਰੀ ਕੀਤੀ ਹੈ। ਖੇਤ ਦੇ ਸੱਭ ਤੋਂ ਛੋਟੇ ਫਾਰਮੈਟ ‘ਚ ਵਿਰਾਟ ਕੋਹਲੀ ਟਾਪ-5 ‘ਚ ਐਂਟਰੀ ਕਰ ਚੁੱਕੇ ਹਨ। ਉਨ੍ਹਾਂ ਨੂੰ ਇੰਗਲੈਂਡ ਵਿਰੁੱਧ ਮੌਜੂਦਾ ਲੜੀ ‘ਚ ਲਗਾਤਾਰ ਦੋ ਅਰਧ ਸੈਂਕੜਿਆਂ ਦਾ ਫ਼ਾਇਦਾ ਮਿਲਿਆ। ਉੱਥੇ ਹੀ ਇਕ ਰੋਜ਼ਾ ਮੈਚਾਂ ਦੀ ਰੈਕਿੰਗ ‘ਚ ਕੋਹਲੀ ਦੀ ਬਾਦਸ਼ਾਹਤ ਕਾਇਮ ਹੈ। ਰੋਹਿਤ ਸ਼ਰਮਾ ਵਨਡੇ ਦੇ ਦੂਜੇ ਬੈਸਟ ਬੱਲੇਬਾਜ਼ ਹਨ।
ਭਾਰਤੀ ਕਪਤਾਨ ਵਿਰਾਟ ਕੋਹਲੀ ਹੁਣ ਆਈਸੀਸੀ ਟੀ20 ਰੈਂਕਿੰਗ ‘ਚ 5ਵੇਂ ਨੰਬਰ ‘ਤੇ ਪਹੁੰਚ ਗਏ ਹਨ, ਜਦਕਿ ਕੇ.ਐਲ. ਰਾਹੁਲ ਤੀਸਰੇ ਤੋਂ ਚੌਥੇ ਨੰਬਰ ‘ਤੇ ਖਿਸਕ ਗਏ ਹਨ। ਕਪਤਾਨ ਵਿਰਾਟ ਕੋਹਲੀ ਨੇ ਲਗਾਤਾਰ ਦੋ ਅਰਧ ਸੈਂਕੜੇ ਇੰਗਲੈਂਡ ਵਿਰੁੱਧ ਜੜੇ ਹਨ। ਇਸ ਤਰ੍ਹਾਂ ਉਹ 6ਵੇਂ ਤੋਂ ਪੰਜਵੇਂ ਨੰਬਰ ‘ਤੇ ਪਹੁੰਚੇ, ਜਦਕਿ ਕੇ.ਐਲ. ਰਾਹੁਲ ਲਗਾਤਾਰ ਤਿੰਨ ਮੈਚਾਂ ‘ਚ ਫਲਾਪ ਰਹੇ ਅਤੇ ਘੱਟ ਸਕੋਰ ਬਣਾ ਸਕੇ। ਅਜਿਹੇ ‘ਚ ਉਨ੍ਹਾਂ ਦੀ ਰੈਂਕਿੰਗ ‘ਚ ਜ਼ਬਰਦਸਤ ਗਿਰਾਵਟ ਵੇਖਣ ਨੂੰ ਮਿਲੀ ਹੈ। ਇਸ ਵੇਲੇ ਡੇਵਿਡ ਮਲਾਨ ਨੰਬਰ-1 ਬੱਲੇਬਾਜ਼ ਹਨ।
ਜੋਸ ਬਟਲਰ ਭਾਰਤ ਵਿਰੁੱਧ ਤੀਜੇ ਟੀ20 ਮੈਚ ਤੋਂ ਪਹਿਲਾਂ ਆਈਸੀਸੀ ਟੀ20 ਰੈਂਕਿੰਗ ‘ਚ 24ਵੇਂ ਨੰਬਰ ‘ਤੇ ਸਨ, ਪਰ ਹੁਣ 19ਵੇਂ ਨੰਬਰ ‘ਤੇ ਪਹੁੰਚ ਗਏ ਹਨ। ਬਟਲਰ ਤੋਂ ਇਲਾਵਾ ਜੌਨੀ ਬੇਅਰੇਸਟੋ 16ਵੇਂ ਤੋਂ 14ਵੇਂ ਨੰਬਰ ‘ਤੇ ਪਹੁੰਚ ਗਏ ਹਨ। ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 17ਵੇਂ ਨੰਬਰ ‘ਤੇ ਬਰਕਰਾਰ ਹਨ, ਪਰ ਲੰਮੇ ਸਮੇਂ ਬਾਅਦ ਟੀ20 ਕ੍ਰਿਕਟ ‘ਚ ਵਾਪਸ ਕਰਦੇ ਹੋਏ ਰੋਹਿਤ ਅਗਲੇ ਕੁਝ ਮੈਚਾਂ ‘ਚ ਟਾਪ 10 ‘ਚ ਸ਼ਾਮਲ ਹੋ ਸਕਦੇ ਹਨ, ਕਿਉਂਕਿ ਇੰਗਲੈਂਡ ਵਿਰੁੱਧ ਭਾਰਤ ਨੇ ਦੋ ਹੋਰ ਟੀ20 ਮੈਚ ਖੇਡਣੇ ਹਨ।
ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਟੀ20 ਕ੍ਰਿਕਟ ‘ਚ ਅਫ਼ਗਾਨਿਸਤਾਨ ਦੇ ਰਾਸ਼ਿਦ ਖ਼ਾਨ ਨੰਬਰ ਇਕ ‘ਤੇ ਹਨ, ਜਦਕਿ ਆਲਰਾਊਂਡਰਾਂ ਦੀ ਰੈਂਕਿੰਗ ‘ਚ ਮੁਹੰਮਦ ਨਬੀ ਨੰਬਰ-1 ‘ਤੇ ਹਨ। ਆਈਸੀਸੀ ਵਨਡੇ ਰੈਂਕਿੰਗ ਦੀ ਗੱਲ ਕਰੀਏ ਤਾਂ ਕਪਤਾਨ ਵਿਰਾਟ ਕੋਹਲੀ ਪਹਿਲੇ ਨੰਬਰ ‘ਤੇ ਬਰਕਰਾਰ ਹਨ, ਜਦਕਿ ਉਪ-ਕਪਤਾਨ ਰੋਹਿਤ ਸ਼ਰਮਾ ਦੂਜੇ ਨੰਬਰ ‘ਤੇ ਬਰਕਰਾਰ ਹਨ। ਤੀਜੇ ਨੰਬਰ ‘ਤੇ ਪਾਕਿਸਤਾਨੀ ਟੀਮ ਦੇ ਕਪਤਾਨ ਬਾਬਾਰ ਆਜ਼ਮ ਹਨ ਜਦਕਿ ਚੌਥੇ ਨੰਬਰ ‘ਤੇ ਰੋਸ ਟੇਲਰ ਅਤੇ ਪੰਜਵੇਂ ਨੰਬਰ ‘ਤੇ ਆਸਟ੍ਰੇਲੀਆਈ ਟੀਮ ਦੇ ਕਪਤਾਨ ਐਰੋਨ ਫਿੰਚ ਹਨ।