ਆਗਰਾ ਵਿਚ ਸੈਪਟਿਕ ਟੈਂਕ ਵਿਚ ਜ਼ਹਿਰੀਲੀ ਗੈਸ ਕਾਰਨ 3 ਭਰਾਵਾਂ ਸਣੇ 5 ਜਣਿਆਂ ਦੀ ਮੌਤ

ਆਗਰਾ, 17 ਮਾਰਚ, ਹ.ਬ. : ਉਤਰ ਪ੍ਰਦੇਸ਼ ਵਿਚ ਸ਼ਾਮ ਵੇਲੇ ਵੱਡਾ ਹਾਦਸਾ ਵਾਪਰ ਗਿਆ। ਆਗਰਾ ਦੇ ਫਤਿਹਾਬਾਦ ’ਚ ਮੰਗਲਵਾਰ ਸ਼ਾਮ ਪੁਰਾਣੇ ਸੈਪਟਿਕ ਟੈਂਕ ਨੇੜੇ ਪੁੱਟੇ ਗਏ ਟੋਏ ’ਚ ਉਤਰੇ ਪੰਜ ਨੌਜਵਾਨਾਂ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਮ੍ਰਿਤਕਾਂ ’ਚ ਤਿੰਨ ਸਕੇ ਭਰਾ ਹਨ ਜਦ ਕਿ ਇਕ ਚਚੇਰਾ ਭਰਾ ਤੇ ਇਕ ਗੁਆਂਢੀ ਹੈ। ਡੀਐਮ ਨੇ ਮ੍ਰਿਤਕਾਂ ਦੇ ਘਰ ਵਾਲਿਆਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ’ਤੇ ਦੁੱਖ ਜਤਾਇਆ। ਉਨ੍ਹਾਂ ਨੇ ਮ੍ਰਿਤਕਾਂ ਦੇ ਘਰ ਵਾਲਿਆਂ ਨੂੰ ਦੋ-ਦੋ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੇ ਜਾਣ ਦਾ ਐਲਾਨ ਕੀਤਾ। ਉਨ੍ਹਾਂ ਨੇ ਮ੍ਰਿਤਕਾਂ ਦੇ ਘਰ ਵਾਲਿਆਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ।
ਫਤਿਹਾਬਾਦ ਥਾਣਾ ਖੇਤਰ ਦੇ ਪਿੰਡ ਪ੍ਰਤਾਪਪੁਰਾ ਵਾਸੀ ਸੁਰਿੰਦਰ ਦੇ ਘਰੇ ਦੇ ਬਾਹਰ ਤਿੰਨ ਦਿਨ ਪਹਿਲਾਂ ਪਖਾਨੇ ਦੇ ਸੈਪਟਿਕ ਟੈਂਕ ਲਈ ਅੱਠ ਫੁੱਟ ਡੂੰਘਾ ਟੋਇਆ ਪੁੱਟਿਆ ਗਿਆ ਸੀ। ਇਸ ਟੋਏ ਤੋਂ ਤਿੰਨ ਫੁੱਟ ਦੂਰ ਪੁਰਾਣਾ ਸੈਪਟਿਕ ਟੈਂਕ ਹੈ ਜੋ ਭਰ ਚੁੱਕਾ ਹੈ। ਪੁਰਾਣੇ ਟੈਂਕ ਤੋਂ ਰਿਸ ਕੇ ਇਸ ’ਚ ਪਾਣੀ ਆ ਰਿਹਾ ਸੀ। ਰਿਸਾਅ ਰੋਕਣ ਲਈ 13 ਸਾਲਾ ਅਵਿਨਾਸ਼ ਟੋਏ ’ਚ ਉਤਰਿਆ ਤੇ ਪੁਰਾਣੇ ਟੈਂਕ ਤੋਂ ਜ਼ਹਿਰੀਲੀ ਗੈਸ ਦਾ ਰਿਸਾਅ ਹੋਣ ’ਤੇ ਅਵਿਨਾਸ਼ ਅੰਦਰ ਹੀ ਡਿੱਗ ਗਿਆ। ਉਸ ਨੂੰ ਬਚਾਉਣ ਲਈ 15 ਸਾਲਾ ਆਦਿਤਿਆ ਟੋਏ ’ਚ ਉਤਰਿਆ ਤੇ ਉਹ ਵੀ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਦੋਵਾਂ ਭਰਾਵਾਂ ਨੂੰ ਬਚਾਉਣ ਲਈ ਵੱਡਾ ਭਰਾ 17 ਸਾਲਾ ਹਰੀਮੋਹਨ, ਚਚੇਰਾ ਭਰਾ 30 ਸਾਲ ਸੋਨੂੰ ਸ਼ਰਮਾ ਤੇ ਗੁਆਂਢੀ 17 ਸਾਲਾ ਯੋਗੇਸ਼ ਬਘੇਲ ਵਾਰੀ-ਵਾਰੀ ਹੇਠਾਂ ਉਤਰੇ। ਸਾਰੇ ਜ਼ਹਿਰੀਲੀ ਗੈਸ ਦੀ ਲਪੇਟ ’ਚ ਆ ਕੇ ਟੋਏ ’ਚ ਫਸ ਗਏ। ਸੂਚਨਾ ਮਿਲਣ ’ਤੇ ਪਿੰਡ ਦੇ ਇਕ ਵਿਅਕਤੀ ਨੇ ਟੋਏ ’ਚ ਉਤਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਚੱਕਰ ਆਉਣ ਲੱਗੇ। ਇਸ ਤੋਂ ਬਾਅਦ ਸੋਨੂੰ ਸ਼ਰਮਾ ਨੇ ਭਰਾ ਮੋਨੂੰ ਸ਼ਰਮਾ ਨੂੰ ਲੱਕ ’ਚ ਰੱਸੀ ਬੰਨ੍ਹ ਕੇ ਹੇਠਾਂ ਉਤਾਰਿਆ। ਉਸ ਨੇ ਇਕ-ਇਕ ਕਰ ਕੇ ਪੰਜਾਂ ਨੂੰ ਬਾਹਰ ਕੱਢਿਆ। ਸਾਰਿਆਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਆਗਰਾ ਭੇਜ ਦਿੱਤਾ ਗਿਆ। ਐਸਐਨ ਮੈਡੀਕਲ ਕਾਲਜ ਲਿਆਉਣ ’ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

Video Ad
Video Ad