ਆਮਿਰ ਖਾਨ ਤੋਂ ਬਾਅਦ ਆਰ. ਮਾਧਵਨ ਨੂੰ ਹੋਇਆ ਕੋਰੋਨਾ, ਟਵੀਟ ਕਰਕੇ ਕਿਹਾ- ‘ਵਾਇਰਸ’ ਨੇ ਫੜ ਲਿਆ… ਰੈਂਚੋ

ਨਵੀਂ ਦਿੱਲੀ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੋਵਿਡ-19 ਨੇ ਇਕ ਵਾਰ ਫਿਰ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਇਕ ਸਾਲ ਤੋਂ ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਖੁਦ ਨੂੰ ਇਸ ਵਾਇਰਸ ਤੋਂ ਬਚਾਉਂਦੇ ਨਜ਼ਰ ਆ ਰਹੇ ਹਨ, ਪਰ ਨਾ ਚਾਹੁੰਦੇ ਹੋਏ ਵੀ ਇਸ ਦਾ ਅਸਰ ਕਿਸੇ ਨਾ ਕਿਸੇ ਤਰ੍ਹਾਂ ਪੈ ਹੀ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਬਾਲੀਵੁੱਡ ਦੇ ਵੱਡੇ ਸਿਤਾਰੇ ਕੋਰੋਨਾ ਲਾਗ ਦੀ ਲਪੇਟ ‘ਚ ਆ ਰਹੇ ਹਨ। ਬੁੱਧਵਾਰ ਨੂੰ ਜਿੱਥੇ ਆਮਿਰ ਖਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ, ਉੱਥੇ ਹੀ ਹੁਣ ਅਦਾਕਾਰ ਆਰ. ਮਾਧਵਨ ਵੀ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਗਏ ਹਨ। ਉਨ੍ਹਾਂ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ।
ਮਾਧਵਨ ਨੇ ਫ਼ਿਲਮ ‘3 ਈਡੀਅਟਸ’ ਦੇ ਅੰਦਾਜ਼ ‘ਚ ਇਕ ਟਵੀਟ ਕਰਦਿਆਂ ਲਿਖਿਆ, “ਫਰਹਾਨ ਨੇ ਰੈਂਚੋ ਨੂੰ ਫਾਲੋ ਕਰਨਾ ਸੀ ਅਤੇ ਵਾਇਰਸ ਹਮੇਸ਼ਾ ਤੋਂ ਉਨ੍ਹਾਂ ਨੂੰ ਫ਼ਾਲੋ ਕਰ ਰਿਹਾ ਸੀ। ਹਾਲਾਂਕਿ ਇਸ ਵਾਰ ਉਸ ਨੇ ਉਨ੍ਹਾਂ ਨੂੰ ਫੜ ਲਿਆ, ਪਰ ਆਲ ਇਜ ਵੈਲ ਅਤੇ ਕੋਵਿਡ ਵੀ ਛੇਤੀ ਹੀ ਖੂੰਹ ‘ਚ ਡਿੱਗੇਗਾ। ਇਹ ਅਜਿਹੀ ਥਾਂ ਹੈ, ਜਿੱਥੇ ਅਸੀ ਰਾਜੂ ਨੂੰ ਨਹੀਂ ਚਾਹੁੰਦੇ। ਤੁਹਾਡੇ ਸਾਰਿਆਂ ਦੇ ਪਿਆਰ ਲਈ ਧੰਨਵਾਦ।”
ਦੱਸ ਦੇਈਏ ਕਿ ਆਰ. ਮਾਧਵਨ ਅਤੇ ਆਮਿਰ ਖਾਨ ਤੋਂ ਪਹਿਲਾਂ ਰਣਬੀਰ ਕਪੂਰ, ਕਾਰਤਿਕ ਆਰੀਅਨ, ਮਨੋਜ ਵਾਜਪਾਈ, ‘ਗਲੀ ਬੁਆਏ’ ਫੇਮ ਸਿਧਾਂਤ ਚਤੁਰਵੇਦੀ, ਤਾਰਾ ਸੁਤਾਰੀਆ, ਅਦਾਕਾਰ ਆਸ਼ੀਸ਼ ਵਿਦਿਆਰਥੀ ਅਤੇ ਸੰਜੇ ਲੀਲਾ ਭੰਸਾਲੀ ਵੀ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ।
ਰਾਜਕੁਮਾਰ ਹਿਰਾਨੀ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ‘ਚ ਮਾਧਵਨ ਦੇ ਨਾਲ ਆਮਿਰ ਖਾਨ, ਸ਼ਰਮਨ ਜੋਸ਼ੀ, ਬੋਮਨ ਇਰਾਨੀ, ਮੋਨਾ ਸਿੰਘ, ਕਰੀਨਾ ਕਪੂਰ ਖਾਨ, ਓਮੀ ਵੈਦਿਆ ਵਰਗੇ ਅਦਾਕਾਰ ਵੀ ਸਨ। ਇਸ ਦੇ ਨਾਲ ਹੀ ਦੇਸ਼ ‘ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੀ ਗੱਲ ਕਰੀਏ ਤਾਂ 6 ਸੂਬਿਆਂ ਮਹਾਰਾਸ਼ਟਰ, ਪੰਜਾਬ, ਕੇਰਲ, ਕਰਨਾਟਕ, ਛੱਤੀਸਗੜ੍ਹ ਤੇ ਗੁਜਰਾਤ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

Video Ad
Video Ad