ਨਵੀਂ ਦਿੱਲੀ, 19 ਮਾਰਚ (ਹਮਦਰਦ ਨਿਊਜ਼ ਸਰਵਿਸ) : ਜਦੋਂ ਤੋਂ ਓ.ਟੀ.ਟੀ. ਦਾ ਯੁੱਗ ਸ਼ੁਰੂ ਹੋਇਆ ਹੈ, ਸਮਾਰਟ ਟੀ.ਵੀ. ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਹੈ। ਖ਼ਾਸਕਰ ਲੌਕਡਾਊਨ ‘ਚ ਸਮਾਰਟ ਟੀ.ਵੀ. ਖਰੀਦਦਾਰਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਜੇ ਤੁਸੀਂ ਇਨ੍ਹਾਂ ਦਿਨਾਂ ‘ਚ ਇਕ ਨਵਾਂ ਸਮਾਰਟ ਟੀ.ਵੀ. ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਛੇਤੀ ਕਰੋ, ਕਿਉਂਕਿ ਅਪ੍ਰੈਲ ਤੋਂ ਸਮਾਰਟ ਟੀ.ਵੀ. ਸਮੇਤ ਬਹੁਤ ਸਾਰੇ ਉਪਕਰਣਾਂ ਦੀਆਂ ਕੀਮਤ ‘ਚ ਵਾਧਾ ਹੋਣ ਜਾ ਰਿਹਾ ਹੈ। ਮਤਲਬ ਅਗਲੇ ਮਹੀਨੇ ਤੋਂ ਤੁਹਾਨੂੰ ਆਪਣੀ ਜੇਬ ਬਹੁਤ ਜ਼ਿਆਦਾ ਢਿੱਲੀ ਕਰਨੀ ਪਵੇਗੀ।
ਇਸ ਸਮੇਂ ਭਾਰਤ ‘ਚ ਕੋਡਕ ਦੇ 42 ਅਤੇ 43 ਸਮਾਰਟ ਟੀਵੀ ਦੀ ਡਿਮਾਂਡ ਸਭ ਤੋਂ ਵੱਧ ਹੈ। ਇਸ ਤੋਂ ਇਲਾਵਾ 55 ਇੰਚ ਦੇ ਸਮਾਰਟ ਟੀ.ਵੀ. ਦੀ ਮੰਗ ਵੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਜਦ ਤੋਂ ਓਵਰ ਦੀ ਟੌਪ (ਓ.ਟੀ.ਟੀ.) ਮੀਡੀਆ ਸਰਵਿਸ ਦਾ ਦੌਰ ਸ਼ੁਰੂ ਹੋਇਆ ਹੈ, ਉਦੋ ਤੋਂ ਸਮਾਰਟ ਟੀ.ਵੀ. ਦੀ ਮੰਗ ਬਹੁਤ ਵੱਧ ਗਈ ਹੈ।
ਐਸਪੀਪੀਐਲ, ਕੋਡਕ ਬ੍ਰਾਂਡ ਲਾਇਸੈਂਸ ਦੇ ਡਾਇਰੈਕਟ ਤੇ ਸੀਈਓ ਅਵਨੀਤ ਸਿੰਘ ਮਰਵਾਹਾ ਮੁਤਾਬਕ ਕੱਚੇ ਮਾਲ ਦੀਆਂ ਕੀਮਤਾਂ ‘ਚ ਵਾਧੇ ਦੇ ਚੱਲਦਿਆਂ ਸਮਾਰਟ ਟੀਵੀ, ਵਾਸ਼ਿੰਗ ਮਸ਼ੀਨਾਂ ਦੀਆਂ ਕੀਮਤਾਂ ‘ਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਐਸਪੀਪੀਐਲ ਕੋਲ ਕੋਡਕ ਤੇ ਥਾਮਸਨ ਜਿਹੇ ਬ੍ਰਾਂਡ ਹਨ।
ਪਿਛਲੇ ਇਕ ਮਹੀਨੇ ‘ਚ ਓਪਨ ਸੈੱਲ ਪੈਨਲ ਗਲੋਬਲ ਮਾਰਕਿਟ ‘ਚ 35 ਫ਼ੀਸਦੀ ਤਕ ਮਹਿੰਗੇ ਹੋਏ ਹਨ। ਇਸ ਦਾ ਅਸਰ ਭਾਰਤ ‘ਚ ਵੀ ਪੈਣਾ ਹੈ। ਕੋਡਕ, ਥਾਮਸਨ, ਹਾਇਰ, ਪੈਨਾਸੋਨਿਕ, ਸੈਮਸੰਗ ਸਮੇਤ ਕਈ ਹੋਰ ਬ੍ਰਾਂਡਾਂ ਦੇ ਟੀਵੀ ਤਿੰਨ ਹਜ਼ਾਰ ਰੁਪਏ ਤਕ ਮਹਿੰਗੇ ਹੋ ਸਕਦੇ ਹਨ। ਪੈਨਲ ਦੀਆਂ ਕੀਮਤਾਂ ਪਿਛਲੇ 8 ਤੋਂ 9 ਮਹੀਨਿਆਂ ਦੌਰਾਨ 350 ਫ਼ੀਸਦੀ ਵੱਧ ਗਈਆਂ ਹਨ। ਮਹਿੰਗੇ ਕਾਪਰ, ਐਲੂਮੀਨੀਅਮ, ਸਟੀਲ ਤੇ ਕਸਟਮ ਡਿਊਟੀ ਵਧਣ ਕਾਰਣ ਉਤਪਾਦਨ ਲਾਗਤ ਵਧੀ ਹੈ। ਟੀਵੀ ਤੋਂ ਇਲਾਵਾ ਏ.ਸੀ., ਫ਼ਰਿੱਜ, ਕੂਲਰ, ਪੱਖੇ, ਵਾਸ਼ਿੰਗ ਮਸ਼ੀਨਾਂ ਜਿਹੇ ਘਰੇਲੂ ਉਪਕਰਣ ਮਹਿੰਗੇ ਹੋਣ ਜਾ ਰਹੇ ਹਨ।