
ਨਵੀਂ ਦਿੱਲੀ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਸਾਬਕਾ ਕਾਂਗਰਸ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਟਵੀਟ ਕਰਕੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ‘ਤੇ ਵੱਡਾ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਕਿਹਾ, “ਆਰਐਸਐਸ ‘ਚ ਨਾ ਤਾਂ ਔਰਤਾਂ ਅਤੇ ਨਾ ਹੀ ਬਜ਼ੁਰਗਾਂ ਦਾ ਸਨਮਾਨ ਕੀਤਾ ਜਾਂਦਾ ਹੈ, ਇਸ ਲਈ ਮੈਂ ਆਰਐਸਐਸ ਨੂੰ ਸੰਘ ਪਰਿਵਾਰ ਨਹੀਂ ਕਹਾਂਗਾ।”
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਝਾਂਸੀ ‘ਚ ਰੇਲ ਗੱਡੀ ਅੰਦਰ ਦੋ ਔਰਤਾਂ ਨਾਲ ਬਦਸਲੂਕੀ ਕਰਨ ਦੇ ਮਾਮਲੇ ‘ਚ ਬੁੱਧਵਾਰ ਨੂੰ ਵੀ ਆਰਐਸਐਸ ਨੂੰ ਨਿਸ਼ਾਨਾ ਬਣਾਇਆ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮਿਲ ਕੇ ਅਜਿਹੀਆਂ ਤਾਕਤਾਂ ਨੂੰ ਹਰਾਇਆ ਜਾਵੇ।
ਰਾਹੁਲ ਗਾਂਧੀ ਨੇ ਵੀਰਵਾਰ ਨੂੰ ਟਵੀਟ ਕਰਦਿਆਂ ਕਿਹਾ, “ਮੇਰਾ ਮੰਨਣਾ ਹੈ ਕਿ ਆਰਐਸਐਸ ਅਤੇ ਸਬੰਧਤ ਸੰਗਠਨ ਨੂੰ ਸੰਘ ਪਰਿਵਾਰ ਕਹਿਣਾ ਸਹੀ ਨਹੀਂ ਹੈ – ਪਰਿਵਾਰ ‘ਚ ਔਰਤਾਂ ਹੁੰਦੀਆਂ ਹਨ, ਬਜ਼ੁਰਗਾਂ ਦਾ ਸਤਿਕਾਰ ਹੁੰਦਾ ਹੈ, ਹਮਦਰਦੀ ਅਤੇ ਪਿਆਰ ਦੀ ਭਾਵਨਾ ਹੁੰਦੀ ਹੈ – ਜੋ ਆਰਐਸਐਸ ‘ਚ ਨਹੀਂ ਹੈ। ਹੁਣ ਆਰਐਸਐਸ ਨੂੰ ਸੰਘ ਪਰਿਵਾਰ ਨਹੀਂ ਕਹਾਂਗਾ।”
ਦੱਸ ਦੇਈਏ ਕਿ ਹਾਲ ਹੀ ‘ਚ ਅਸਾਮ ਵਿਧਾਨ ਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਰਾਹੁਲ ਗਾਂਧੀ ਨੇ ਆਰਐਸਐਸ ਅਤੇ ਭਾਰਤੀ ਜਨਤਾ ਪਾਰਟੀ ਉੱਤੇ ਭਾਰਤ ਦੇ ਵੱਖ-ਵੱਖ ਸੱਭਿਆਚਾਰਾਂ ‘ਤੇ ਹਮਲਾ ਕਰਨ ਦਾ ਦੋਸ਼ ਲਾਇਆ ਸੀ। ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਕਿਹਾ ਸੀ, “ਭਾਜਪਾ ਅਤੇ ਆਰਐਸਐਸ ਦੇ ਲੋਕ ਸਾਡੀਆਂ ਭਾਸ਼ਾਵਾਂ, ਸਾਡੇ ਇਤਿਹਾਸ, ਸਾਡੀ ਸੋਚ ਅਤੇ ਸਾਡੀ ਜੀਵਨਸ਼ੈਲੀ ‘ਤੇ ਹਮਲਾ ਕਰ ਰਹੇ ਹਨ। ਇਸ ਲਈ ਇਸ ਚੋਣ ਮੈਨੀਫ਼ੈਸਟੋ ‘ਚ ਅਸੀਂ ਵਾਅਦਾ ਕਰਦੇ ਹਾਂ ਕਿ ਸਾਡੀ ਪਾਰਟੀ ਅਸਾਮ ਦੇ ਲੋਕਾਂ ਦੇ ਸੱਭਿਆਚਾਰਕ ਵਿਰਸੇ ਦੀ ਰਾਖੀ ਕਰੇਗੀ।”
ਪਿਛਲੇ ਮਹੀਨੇ ਦੇ ਸ਼ੁਰੂ ‘ਚ ਵੀ ਤਾਮਿਲਨਾਡੂ ‘ਚ ਚੋਣ ਮੁਹਿੰਮ ਦੌਰਾਨ ਰਾਹੁਲ ਗਾਂਧੀ ਨੇ ਆਰਐਸਐਸ ਅਤੇ ਭਾਜਪਾ ਨੂੰ ਨਿਸ਼ਾਨਾ ਬਣਾਇਆ ਸੀ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਸੀ ਕਿ ਆਰਐਸਐਸ ਅਤੇ ਭਾਜਪਾ ਪੈਸੇ ਦੀ ਤਾਕਤ ਰਾਹੀਂ ਸੰਸਥਾਗਤ ਸੰਤੁਲਨ ਨੂੰ ਖਤਮ ਕਰ ਰਹੀਆਂ ਹਨ।