
ਕਰਨਾਲ ਤੇ ਕੁਰੂਕਸ਼ੇਤਰ ਵਿਚ ਮਿਲੇ ਆਰਡੀਐਕਸ ਇੱਕੋ ਜਿਹੇ
ਚੰਡੀਗੜ੍ਹ, 6 ਅਗਸਤ, ਹ.ਬ. : ਕੁਰੂਕਸ਼ੇਤਰ ਦੇ ਸ਼ਾਹਬਾਦ ’ਚ ਜੀਟੀ ਰੋਡ ’ਤੇ ਦਰੱਖਤ ਹੇਠੋਂ ਮਿਲੇ ਵਿਸਫੋਟਕ ਨੂੰ ਲੈ ਕੇ ਹਰਿਆਣਾ ਪੁਲਿਸ ਦੀ ਜਾਂਚ ’ਚ ਵੱਡਾ ਖੁਲਾਸਾ ਹੋਇਆ ਹੈ। ਕੁਝ ਮਹੀਨੇ ਪਹਿਲਾਂ ਕਰਨਾਲ ਅਤੇ ਹੁਣ ਕੁਰੂਕਸ਼ੇਤਰ ਵਿੱਚ ਮਿਲੇ ਵਿਸਫੋਟਕ ਇੱਕੋ ਜਿਹੇ ਹਨ। ਇਸ ਦੀ ਪੁਸ਼ਟੀ ਕਰਦੇ ਹੋਏ ਹਰਿਆਣਾ ਦੇ ਐਸਟੀਐਫ ਦੇ ਐਸਪੀ ਸੁਮਿਤ ਕੁਮਾਰ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਹਰਵਿੰਦਰ ਰਿੰਦਾ ਨੇ ਇਹ ਵਿਸਫੋਟਕ ਸਮੱਗਰੀ ਭੇਜੀ ਸੀ। ਜਦਕਿ ਪੰਜਾਬ ਪੁਲਿਸ ਦੇ ਦੋ ਸਾਬਕਾ ਪੁਲਿਸ ਮੁਲਾਜ਼ਮਾਂ ਦੇ ਪੁੱਤਰ ਵੀ ਰਿੰਦਾ ਦੇ ਇਸ ਅੱਤਵਾਦੀ ਮਾਡਿਊਲ ਵਿੱਚ ਸ਼ਾਮਲ ਹਨ।
ਇਨ੍ਹਾਂ ਵਿੱਚ ਸਬ-ਇੰਸਪੈਕਟਰ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਇਸ ਮਾਮਲੇ ’ਚ ਅੱਤਵਾਦੀ ਕਨੈਕਸ਼ਨ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਵੀ ਸਰਗਰਮ ਹੋ ਗਈ ਹੈ। ਫਿਲਹਾਲ ਹਰਿਆਣਾ ਐਸਟੀਐਫ ਇਸ ਦੀ ਜਾਂਚ ਕਰ ਰਹੀ ਹੈ ਪਰ ਐਨਆਈਏ ਗ੍ਰਿਫਤਾਰ ਸ਼ਮਸ਼ੇਰ ਸ਼ੇਰਾ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਸ਼ਮਸ਼ੇਰ ਸਿੰਘ ਉਰਫ ਸ਼ੇਰਾ ਦੇ ਦੋ ਦੋਸਤਾਂ ਰੋਬਿਨਪ੍ਰੀਤ ਸਿੰਘ ਅਤੇ ਬਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।