ਆਰਬੀਆਈ ਗਵਰਨਰ ਦਾ ਵੱਡਾ ਬਿਆਨ – ਬੈਂਕਾਂ ਦੇ ਨਿੱਜੀਕਰਨ ਬਾਰੇ ਸਰਕਾਰ ਨਾਲ ਗੱਲਬਾਤ ਜਾਰੀ, ਕ੍ਰਿਪਟੋਕਰੰਸੀ ‘ਤੇ ਕੋਈ ਮਤਭੇਦ ਨਹੀਂ

ਨਵੀਂ ਦਿੱਲੀ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਕਿਹਾ ਕਿ ਜਨਤਕ ਖੇਤਰ ਦੇ ਬੈਂਕਾਂ (ਪੀਐਸਬੀ) ਦੇ ਨਿੱਜੀਕਰਨ ਸਬੰਧੀ ਸਰਕਾਰ ਨਾਲ ਸਲਾਹ-ਮਸ਼ਵਰਾ ਚੱਲ ਰਿਹਾ ਹੈ। ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਪੀਐਸਬੀ ਦੇ ਨਿੱਜੀਕਰਨ ਦੀ ਪ੍ਰਕਿਰਿਆ ਨਿਸ਼ਚਿਤ ਤੌਰ ‘ਤੇ ਅੱਗੇ ਵਧੇਗੀ।
ਆਰਬੀਆਈ ਗਵਰਨਰ ਨੇ ਕਿਹਾ ਕਿ ਅਸੀਂ ਕ੍ਰਿਪਟੋਕਰੰਸੀ ਬਾਰੇ ਸਰਕਾਰ ਅੱਗੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਇਸ ਸਮੇਂ ਕ੍ਰਿਪਟੋਕਰੰਸੀ ਸਬੰਧੀ ਟੈਸਟਿੰਗ ਚੱਲ ਰਹੀ ਹੈ। ਸਰਕਾਰ ਛੇਤੀ ਹੀ ਇਸ ਸਬੰਧ ‘ਚ ਫ਼ੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਕ੍ਰਿਪਟੋਕਰੰਸੀ ਬਾਰੇ ਸਰਕਾਰ ਅਤੇ ਆਰਬੀਆਈ ‘ਚ ਕੋਈ ਮਤਭੇਦ ਨਹੀਂ ਹਨ। ਆਰਬੀਆਈ ਵੱਲੋਂ ਲਿਆਂਦੀ ਡਿਜ਼ੀਟਲ ਮੁਦਰਾ ਵੱਖਰੀ ਹੈ ਅਤੇ ਇਸ ਦਾ ਮੌਜੂਦਾ ਸਮੇਂ ‘ਚ ਪ੍ਰਚਲਤ ਕ੍ਰਿਪਟੋਕਰੰਸੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਸ਼ਕਤੀਕਾਂਤ ਦਾਸ ਨੇ ਕਿਹਾ ਕਿ ਆਰਥਿਕ ਗਤੀਵਿਧੀਆਂ ‘ਚ ਮੁੜ-ਸੁਰਜੀਤੀ ਬਗੈਰ ਕਿਸੇ ਰੁਕਾਵਟ ਜਾਰੀ ਰਹਿਣੀ ਚਾਹੀਦੀ ਹੈ। ਆਰਬੀਆਈ ਵਿੱਤੀ ਸਾਲ 2022 ‘ਚ 10.5% ਤੋਂ ਘੱਟ ਦੇ ਵਾਧੇ ਦੀ ਉਮੀਦ ਨਹੀਂ ਕਰ ਰਿਹਾ ਹੈ। ਆਰਬੀਆਈ ਗਵਰਨਰ ਨੇ ਕਿਹਾ ਕਿ ਦੇਸ਼ ‘ਚ ਕੋਵਿਡ-19 ਦੇ ਵੱਧ ਰਹੇ ਕੇਸ ਚਿੰਤਾ ਦਾ ਵਿਸ਼ਾ ਹਨ, ਪਰ ਇਸ ਨਾਲ ਨਜਿੱਠਣ ਲਈ ਸਾਡੇ ਕੋਲ ਇਸ ਵਾਰ ਵਾਧੂ ਉਪਾਅ ਹਨ। ਇਸ ਵਾਰ ਕੋਵਿਡ-19 ਕਾਰਨ ਪਿਛਲੇ ਸਾਲ ਦੀ ਤਰ੍ਹਾਂ ਲੌਕਡਾਊਨ ਲਗਾਉਣ ਦੀ ਕੋਈ ਸੰਭਾਵਨਾ ਨਹੀਂ ਹੈ।
ਸ਼ਕਤੀਕਾਂਤ ਦਾਸ ਨੇ ਕਿਹਾ ਕਿ ਆਰਬੀਆਈ ਅਰਥਚਾਰੇ ‘ਚ ਸੁਧਾਰ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨ ਲਈ ਵਚਨਬੱਧ ਹੈ। ਇਸ ਦੌਰਾਨ ਕੀਮਤ ਸਥਿਰਤਾ, ਵਿੱਤੀ ਸਥਿਰਤਾ ਦਾ ਵੀ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਡਾਇਰੈਕਟ ਬੈਨੀਫਿਟ ਟਰਾਂਸਫ਼ਰ (ਡੀਬੀਟੀ) ਲਈ ਪਿਛਲੇ ਸਾਲ 274 ਕਰੋੜ ਡਿਜ਼ੀਟਲ ਟਰਾਂਜੈਕਸ਼ਨ ਕੀਤੀ ਸੀ। ਆਰਟੀਜੀਸੀ ‘ਚ ਮਲਟੀ ਕਰੰਸੀ ਦੀ ਸਮਰੱਥਾ ਹੈ। ਸ਼ਕਤੀਕਾਂਤ ਦਾਸ ਅਨੁਸਾਰ ਇਹ ਪਤਾ ਲਗਾਉਣ ਦੀ ਲੋੜ ਹੈ ਕਿ ਕੀ ਆਰਟੀਜੀਸੀ ਨੂੰ ਭਾਰਤ ਤੋਂ ਬਾਹਰ ਵਰਤਿਆ ਜਾ ਸਕਦਾ ਹੈ?
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਡਿਜ਼ੀਟਲ ਕਰੰਸੀ ਬਹੁਤ ਮਸ਼ਹੂਰ ਹੋ ਗਈ ਹੈ। ਇਸ ਤੋਂ ਇਲਾਵਾ ਕਈ ਦੇਸ਼ਾਂ ਨੇ ਆਪਣੀ ਡਿਜ਼ੀਟਲ ਕਰੰਸੀ ਵੀ ਜਾਰੀ ਕੀਤੀ ਹੈ। ਇਨ੍ਹਾਂ ‘ਚ ਇਕੂਵਾਡੋਰ, ਚੀਨ, ਸਿੰਗਾਪੁਰ, ਵੈਨਜ਼ੂਏਲਾ, ਟਿਊਨੀਸ਼ੀਆ ਅਤੇ ਸੇਨੇਗਲ ਨੇ ਆਪਣੀਆਂ ਕ੍ਰਿਪਟੋਕਰੰਸੀ ਜਾਰੀ ਕੀਤੀਆਂ ਹਨ। ਐਸਟੋਨੀਆ, ਜਾਪਾਨ, ਫਿਲਸਤੀਨ, ਰੂਸ ਅਤੇ ਸਵੀਡਨ ਵਰਗੇ ਦੇਸ਼ ਆਪਣੀ ਡਿਜੀਟਲ ਕਰੰਸੀ ਲਾਂਚ ਕਰਨ ਲਈ ਵਿਕਲਪਾਂ ਦੀ ਪੜਚੋਲ ਕਰ ਰਹੇ ਹਨ।

Video Ad

ਕੀ ਹੈ ਕ੍ਰਿਪਟੋਕਰੰਸੀ

  • ਕ੍ਰਿਪਟੋਕਰੰਸੀ ਇਕ ਵਰਚੁਅਲ ਮੁਦਰਾ ਹੈ ਜਿਸ ‘ਤੇ ਕੋਈ ਸਰਕਾਰੀ ਕੰਟਰੋਲ ਨਹੀਂ ਹੈ।
  • ਇਸ ਮੁਦਰਾ ਨੂੰ ਕਿਸੇ ਬੈਂਕ ਨੇ ਜਾਰੀ ਨਹੀਂ ਕੀਤਾ। ਇਹ ਕਿਸੇ ਦੇਸ਼ ਦੀ ਮੁਦਰਾ ਨਹੀਂ ਹੈ ਇਸ ਲਈ ਇਸ ‘ਤੇ ਕੋਈ ਟੈਕਸ ਨਹੀਂ ਲਗਾਉਂਦਾ।
  • ਕ੍ਰਿਪਟੋਕਰੰਸੀ ਪੂਰੀ ਤਰ੍ਹਾਂ ਗੁਪਤ ਕਰੰਸੀ ਹੈ ਅਤੇ ਇਸ ਨੂੰ ਸਰਕਾਰ ਤੋਂ ਲੁਕਾ ਕੇ ਰੱਖਿਆ ਜਾਂਦਾ ਹੈ।
  • ਇਸ ਨੂੰ ਦੁਨੀਆਂ ‘ਚ ਕਿਤੇ ਵੀ ਸਿੱਧਾ ਖ਼ਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ।
  • ਸ਼ੁਰੂਆਤ ‘ਚ ਕੰਪਿਊਟਰ ‘ਤੇ ਬਹੁਤ ਔਖੇ ਕੰਮਾਂ ਦੇ ਬਦਲੇ ਇਹ ਕ੍ਰਿਪਟੋਕਰੰਸੀ ਕਮਾਈ ਜਾਂਦੀ ਸੀ।
Video Ad